ਲਖਨਊ, 1 ਨਵੰਬਰ
ਯੂਪੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਜੈ ਕੁਮਾਰ ਲੱਲੂ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ‘ਤੇਜ਼ ਹਨੇਰੀ’ ਹੈ, ਜਿਸ ਦੀ ਮਦਦ ਨਾਲ ਕਾਂਗਰਸ ਯੂਪੀ ਚੋਣਾਂ ਵਿੱਚ ਹੂੰਝਾਫੇਰ ਜਿੱਤ ਦਰਜ ਕਰੇਗੀ। ਲੱਲੂ ਨੇ ਕਿਹਾ ਕਿ ਕਾਂਗਰਸ ਨੇ ਭਾਵੇਂ ਯੂਪੀ ਅਸੈਂਬਲੀ ਚੋਣਾਂ ਲਈ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕੀਤਾ, ਪਰ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੀ ਨਿਗਰਾਨੀ ’ਚ ਚੋਣਾਂ ਲੜੇਗੀ। ਲੱਲੂ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਜਿਸ ਤਰ੍ਹਾਂ ਯੂਪੀ ਵਿੱਚ ਵੱਖ ਵੱਖ ਮੁੱਦਿਆਂ ਨੂੰ ਉਭਾਰ ਰਹੀ ਹੈ, ਯੋਗੀ ਆਦਿੱਤਿਆਨਾਥ ਸਰਕਾਰ ਉਨ੍ਹਾਂ ਤੋਂ ਡਰਨ ਲੱਗੀ ਹੈ। ਲੱਲੂ ਨੇ ਹਾਲਾਂਕਿ ਪਾਰਟੀ ਵੱਲੋਂ ਆਗਾਮੀ ਚੋਣਾਂ ਵਿੱਚ ਜਿੱਤੀਆਂ ਜਾਣ ਵਾਲੀਆਂ ਸੀਟਾਂ ਦੀ ਗਿਣਤੀ ਬਾਰੇ ਸੰਭਾਵੀ ਅੰਕੜਾ ਦੇਣ ਤੋਂ ਨਾਂਹ ਕਰ ਦਿੱਤੀ। ਕਾਂਗਰਸ ਨੂੰ 2017 ਦੀਆਂ ਚੋਣਾਂ ਮੌਕੇ 403 ਮੈਂਬਰੀ ਵਿਧਾਨ ਸਭਾ ਵਿੱਚ ਸਿਰਫ਼ ਸੱਤ ਸੀਟਾਂ ਹੀ ਮਿਲੀਆਂ ਸਨ। ਲੱਲੂ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਜ਼ਮੀਨੀ ਪੱਧਰ ’ਤੇ ਪਾਰਟੀ ਵਿੱਚ ਇਕ ਵੱਖਰਾ ਹੀ ਕਰੰਟ ਹੈ। ਜਿਸ ਢੰਗ ਨਾਲ ਪਾਰਟੀ ਵਿੱਚ ਜਥੇਬੰਦਕ ਕੰਮ ਹੋਇਆ ਹੈ ਤੇ ਜਿਸ ਤਰੀਕੇ ਨਾਲ ਟੀਮ ਬਣੀ ਹੈ, ਨਤੀਜਾ ਹੈ ਕਿ ਅੱਜ ਅਸੀਂ ਕੁਝ ਵੀ ਕਰਨ ਦੇ ਸਮਰੱਥ ਹਾਂ।’’ ਲੱਲੂ ਨੇ ਕਿਹਾ, ‘‘ਅਸੀਂ ਵਾਰ ਵਾਰ ਸੰਸਥਾਗਤ ਤਾਕਤ ਦਾ ਮੁਜ਼ਾਹਰਾ ਕੀਤਾ ਹੈ। ਪਾਰਟੀ ਬਾਰੇ ਇਹ ਰਾਇ ਕੇ ਅਸੀਂ ਯੂਪੀ ਵਿੱਚ ਕੁਝ ਨਹੀਂ ਹਾਂ, ਬਦਲਣ ਲੱਗੀ ਹੈ। ਯੂਪੀ ਵਿੱਚ ਝੱਖੜ ਝੁੱਲ ਰਿਹਾ ਤੇ ਇਸ ਦਾ ਨਾਮ ਪ੍ਰਿਯੰਕਾ ਗਾਂਧੀ ਹੈ।’’ ਹੁਣ ਤੱਕ ਮੁੱਖ ਮੰਤਰੀ ਦਾ ਉਮੀਦਵਾਰ ਨਾ ਐਲਾਨੇ ਜਾਣ ਬਾਰੇ ਲੱਲੂ ਨੇ ਕਿਹਾ, ‘‘ਸੀਐੱਮ ਦੇ ਚਿਹਰੇ ਬਾਰੇ ਫੈਸਲਾ ਪਾਰਟੀ ਦੀ ਕੌਮੀ ਲੀਡਰਸ਼ਿਪ ਵੱਲੋਂ ਕੀਤਾ ਜਾਂਦਾ ਹੈ, ਪਰ ਯੂਪੀ ਦੀ ਇੰਚਾਰਜ ਪ੍ਰਿਯੰਕਾ ਜੀ ਹਨ ਤੇ ਚੋਣਾਂ ਉਨ੍ਹਾਂ ਦੀ ਨਿਗਰਾਨੀ ਵਿੱਚ ਹੀ ਲੜੀਆਂ ਜਾਣਗੀਆਂ। ਅਸੀਂ ਪੂਰਨ ਬਹੁਮਤ ਨਾਲ ਸਰਕਾਰ ਬਣਾਵਾਂਗੇ।’’ -ਪੀਟੀਆਈ
ਯੂਪੀ ਚੋਣਾਂ: ਕਾਂਗਰਸ ਵੱਲੋਂ ਮਹਿਲਾਵਾਂ ਲਈ ਵੱਖਰਾ ਮੈਨੀਫੈਸਟੋ ਤਿਆਰ
ਲਖਨਊ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਅਗਾਮੀ ਯੂਪੀ ਵਿਧਾਨ ਸਭਾ ਚੋਣਾਂ ਲਈ ਮਹਿਲਾਵਾਂ ਵਾਸਤੇ ਵੱਖਰਾ ਮੈਨੀਫੈਸਟੋ ਜਾਰੀ ਕੀਤਾ ਹੈ। ਪ੍ਰਿਯੰਕਾ ਨੇ ਕਿਹਾ ਕਿ ਪਾਰਟੀ ਜਿੱਤ ਦੇ ਸੱਤਾ ਵਿੱਚ ਆਈ ਤਾਂ ਮਹਿਲਾਵਾਂ ਨੂੰ ਮੁਫ਼ਤ ਰਸੋਈ ਗੈਸ ਸਿਲੰਡਰ ਤੇ ਸਰਕਾਰ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਜਾਵੇਗੀ। -ਪੀਟੀਆਈ