ਲਖਨਊ, 2 ਫਰਵਰੀ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਅਤੇ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਵਿਚਕਾਰ ‘ਯੂਪੀ ਟਾਈਪ’ ਟਿੱਪਣੀ ਸਬੰਧੀ ਸ਼ਬਦੀ ਜੰਗ ਛਿੜ ਗਈ ਹੈ। ਕਾਂਗਰਸ ਦੀ ਜਨਰਲ ਸਕੱਤਰ ਸ੍ਰੀਮਤੀ ਵਾਡਰਾ ਨੇ ਕਿਹਾ ਕਿ ਯੂਪੀ ਦੇ ਲੋਕਾਂ ਨੂੰ ਆਪਣੀ ਬੋਲੀ ਤੇ ਸੱਭਿਆਚਾਰ ’ਤੇ ਮਾਣ ਹੈ ਤੇ ਉਨ੍ਹਾਂ ਨੂੰ ਸੂਬੇ ਦੇ ਲੋਕਾਂ ਦਾ ਅਪਮਾਨ ਕਰਨ ਦੀ ਕੋਈ ਲੋੜ ਨਹੀਂ ਹੈ। ਵਿੱਤ ਮੰਤਰੀ ਸੀਤਾਰਮਨ ਦਾ ਬਿਆਨ ਉਸ ਸਮੇਂ ਆਇਆ ਸੀ ਜਦੋਂ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਕਿਹਾ ਰਾਹੁਲ ਗਾਂਧੀ ਬਾਰੇ ਇਹ ਆਖਿਆ ਸੀ ਕਿ ਉਨ੍ਹਾਂ ਨੂੰ ਬਜਟ ਸਮਝ ਨਹੀਂ ਆਇਆ ਹੈ ਜੋ ਭਵਿੱਖਮੁਖੀ ਹੈ। ਇਸ ’ਤੇ ਕੇਂਦਰੀ ਵਿੱਤ ਮੰਤਰੀ ਨੇ ਕਿਹਾ,‘ਮੇਰਾ ਮੰਨਣਾ ਹੈ ਕਿ ਉਨ੍ਹਾਂ (ਚੌਧਰੀ) ਯੂਪੀ ਟਾਈਪ ਦਾ ਜੁਆਬ ਦਿੱਤਾ ਹੈ, ਜੋ ਉਸ ਸੰਸਦ ਮੈਂਬਰ ਲਈ ਸਹੀ ਹੈ ਜੋ ਯੂਪੀ ਤੋਂ ਭੱਜ ਗਏ ਸਨ। ਵਿਰੋਧੀ ਦਲਾਂ ਨੇ ਇਸ ਟਿੱਪਣੀ ਲਈ ਵਿੱਤ ਮੰਤਰੀ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ’ਤੇ ਆਪਣੀ ਟਿੱਪਣੀ ਰਾਹੀਂ ਯੂਪੀ ਦੇ ਲੋਕਾਂ ਦਾ ਅਪਮਾਨ ਕਰਨ ਦਾ ਦੋਸ਼ ਲਾਉਂਦਿਆਂ ਮੁਆਫ਼ੀ ਮੰਗਣ ਦੀ ਮੰਗ ਕੀਤੀ ਸੀ। ਪ੍ਰਿਯੰਕਾ ਗਾਂਧੀ ਨੇ ਟਵੀਟ ਕਰਦਿਆਂ ਕਿਹਾ,‘ਨਿਰਮਲਾ ਸੀਤਾਰਮਨ ਜੀ, ਤੁਸੀਂ ਯੂਪੀ ਲਈ ਬਜਟ ’ਚ ਕੁਝ ਨਹੀਂ ਰੱਖਿਆ, ਠੀਕ ਹੈ, ਪਰ ਯੂਪੀ ਦੇ ਲੋਕਾਂ ਦਾ ਅਪਮਾਨ ਕਰਨ ਦੀ ਕੀ ਲੋੜ ਸੀ? ਕਿਰਪਾ ਕਰ ਕੇ ਇਹ ਗੱਲ ਸਮਝੋ ਕਿ ਯੂਪੀ ਦੇ ਲੋਕਾਂ ਨੂੰ ‘ਯੂਪੀ ਟਾਈਪ’ ਹੋਣ ’ਤੇ ਮਾਣ ਹੈ। ਸਾਨੂੰ ਯੂਪੀ ਦੀ ਭਾਸ਼ਾ, ਬੋਲੀ, ਸੱਭਿਆਚਾਰ ਤੇ ਇਤਿਹਾਸ ’ਤੇ ਮਾਣ ਹੈ।
ਸਪਾ ਦੇ ਵਿਧਾਇਕ ਆਸ਼ੂਤੋਸ਼ ਸਿਨਹਾ ਨੇ ਵੀ ਵਿੱਤ ਮੰਤਰੀ ਦੀ ਇਸ ਟਿੱਪਣੀ ਲਈ ਨਿਖੇਧੀ ਕੀਤੀ ਹੈ। ਕੌਮੀ ਕਿਸਾਨ ਮੰਚ ਦੇ ਮੁਖੀ ਸ਼ੇਖਰ ਦੀਕਸ਼ਿਤ ਨੇ ਕਿਹਾ,‘ਇਹ ਟਿੱਪਣੀ ਪੂਰੀ ਤਰ੍ਹਾਂ ਗਲਤ ਹੈ। ਇਹ ਇਕ ਸੂਬੇ ’ਤੇ ਸਿੱਧਾ ਹਮਲਾ ਹੈ। ਚੋਣਾਂ ਸਮੇਂ ਤੁਸੀਂ ਵੋਟਾਂ ਲੈਣ ਲਈ ਆਉਂਦੇ ਹੋ ਤੇ ਫਿਰ ਅਜਿਹੀਆਂ ਮਾੜੀਆਂ ਟਿੱਪਣੀਆਂ ਕਰਦੇ ਹੋ। -ਪੀਟੀਆਈ
ਉੱਤਰਾਖੰਡ: ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਔਰਤਾਂ ਲਈ ਪੁਲੀਸ ’ਚ 40 ਫ਼ੀਸਦੀ ਰਾਖਵਾਂਕਰਨ
ਦੇਹਰਾਦੂਨ: ਪ੍ਰਿਯੰਕਾ ਗਾਂਧੀ ਵਾਡਰਾ ਨੇ ਕਾਂਗਰਸ ਦਾ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਪੁਲੀਸ ਵਿਭਾਗ ਵਿੱਚ ਔਰਤਾਂ ਲਈ 40 ਫ਼ੀਸਦੀ ਰਾਖਵੇਂਕਰਨ, 4 ਲੱਖ ਨੌਜਵਾਨਾਂ ਨੂੰ ਨੌਕਰੀਆਂ ਅਤੇ ‘ਟੂਰਿਜ਼ਮ ਪੁਲੀਸ’ ਬਲ ਬਣਾਉਣ ਦੇ ਵਾਅਦੇ ਕੀਤੇ। ਇਸ ਚੋਣ ਮਨੋਰਥ ਪੱਤਰ ਦਾ ਨਾਂ ‘ਉੱਤਰਾਖੰਡ ਸਵਾਭਿਮਾਨ ਪ੍ਰਤਿੱਗਿਆ ਪੱਤਰ’ ਹੈ ਜਿਸ ਵਿੱਚ ਔਰਤਾਂ ਨੂੰ ਸਰਕਾਰੀ ਨੌਕਰੀਆਂ ਵਿੱਚ 40 ਫ਼ੀਸਦੀ ਤੱਕ ਰਾਖਵਾਂਕਰਨ ਦੇਣ ਤੇ ਐੱਲਪੀਜੀ ਦੀਆਂ ਕੀਮਤਾਂ 500 ਰੁਪਏ ਤੱਕ ਲਿਆਉਣ ਦਾ ਵਾਅਦਾ ਵੀ ਕੀਤਾ ਹੈ। ਉਨ੍ਹਾਂ ਇਥੇ ਇਕ ਵਰਚੁਅਲ ਰੈਲੀ ਵਿੱਚ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਿਸਦਾ ਸੂਬੇ ਦੇ 70 ਹਲਕਿਆਂ ਵਿੱਚ ਸਿੱਧਾ ਪ੍ਸਾਰਣ ਕੀਤਾ ਗਿਆ ਸੀ। ਉਨ੍ਹਾਂ ਉੱਤਰਾਖੰਡ ਦੀ ਭਾਜਪਾ ਸਰਕਾਰ ’ਤੇ ਕੁਝ ਵੀ ਨਾ ਕਰਨ ਦਾ ਦੋਸ਼ ਲਾਉਂਦਿਆਂ ਲੋਕਾਂ ਨੂੰ ਆਪਣੀ ਵੋਟ ਦੀ ਵਰਤੋਂ ਗੰਭੀਰਤਾ ਨਾਲ ਕਰਨ ਲਈ ਕਿਹਾ। -ਪੀਟੀਆਈ