ਨਵੀਂ ਦਿੱਲੀ, 9 ਜੂਨ
ਆਗਰਾ ਦੇ ਪ੍ਰਾਈਵੇਟ ਹਸਪਤਾਲ ’ਚ ਕਥਿਤ ‘ਮੌਕ ਡਰਿਲ’ ਦੌਰਾਨ ਪੰਜ ਮਿੰਟ ਲਈ ਆਕਸੀਜਨ ਸਪਲਾਈ ਬੰਦ ਕਰਨ ਦੇ ਮਾਮਲੇ ’ਚ ਯੋਗੀ ਅਦਿੱਤਿਆਨਾਥ ਸਰਕਾਰ ’ਤੇ ਹਮਲਾ ਬੋਲਦਿਆਂ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਹੈ ਕਿ ਯੂਪੀ ਸਰਕਾਰ ਨੂੰ ਸੱਚਾਈ ਸਾਹਮਣੇ ਲਿਆ ਕੇ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਪ੍ਰਾਈਵੇਟ ਹਸਪਤਾਲ ਦੀ ਵੀਡੀਓ ਕਲਿੱਪ ਵਾਇਰਲ ਹੋਣ ਮਗਰੋਂ ਆਗਰਾ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਵੀਡੀਓ ’ਚ ਹਸਪਤਾਲ ਦਾ ਮਾਲਕ ਇਹ ਆਖਦਾ ਦਿਖਾਈ ਦੇ ਰਿਹਾ ਹੈ ਕਿ ਉਸ ਨੇ ਪੰਜ ਮਿੰਟਾਂ ਲਈ ਕੋਵਿਡ ਮਰੀਜ਼ਾਂ ਦੀ ਆਕਸੀਜਨ ਸਪਲਾਈ ਬੰਦ ਕਰ ਦਿੱਤੀ ਸੀ। ਉਹ ਇਹ ਵੀ ਆਖ ਰਿਹਾ ਹੈ ਕਿ ਆਕਸੀਜਨ ਸਪਲਾਈ ਬੰਦ ਹੋਣ ਮਗਰੋਂ ਕੁਝ ਮਰੀਜ਼ਾਂ ਦੀਆਂ ਲਾਸ਼ਾਂ ਨੀਲੀਆਂ ਪੈਣੀਆਂ ਸ਼ੁਰੂ ਹੋ ਗਈਆਂ ਸਨ। ਮੀਡੀਆ ਰਿਪੋਰਟਾਂ ਨੱਥੀ ਕਰਦਿਆਂ ਪ੍ਰਿਯੰਕਾ ਨੇ ਟਵੀਟ ਕੀਤੇ ਕਿ ਯੂਪੀ ਸਰਕਾਰ ਸੂਬੇ ’ਚ ਆਕਸੀਜਨ ਦੀ ਕਮੀ ਨਾ ਹੋਣ ਦੇ ਦਾਅਵੇ ਕਰਦੀ ਰਹੀ ਅਤੇ ਲੋਕ ਮਰਦੇ ਰਹੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਮਾਮਲੇ ਦੀ ਜਾਂਚ ਕਰਕੇ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ। ਆਗਰਾ ਦੇ ਜ਼ਿਲ੍ਹਾ ਮੈਜਿਸਟਰੇਟ ਪ੍ਰਭੂ ਐੱਨ ਸਿੰਘ ਨੇ ਕਿਹਾ ਹੈ ਕਿ ਹਸਪਤਾਲ ਦੇ ਮਾਲਕ ਖ਼ਿਲਾਫ਼ ਮਹਾਮਾਰੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। -ਪੀਟੀਆਈ