ਲਖਨਊ, 2 ਮਾਰਚ
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁਧਵਾਰ ਨੂੰ ਕਿਹਾ ਕਿ ਕਾਂਗਰਸ ਪਾਰਟੀ ਕਈ ਪੀੜ੍ਹੀਆਂ ਤੋਂ ਭਾਜਪਾ ਅਤੇ ਆਰਐੱਸਐੱਸ ਨਾਲ ਲੜ ਰਹੀ ਹੈ ਅਤੇ ਉਹ ਉਨ੍ਹਾਂ ਅੱਗੇ ਕਦੇ ਨਹੀਂ ਝੁਕੇਗੀ, ਸਗੋਂ ਸੰਘਰਸ਼ ਕਰੇਗੀ। ਪ੍ਰਯੰਕਾ ਗਾਂਧੀ ਨੇ ਸਿਆਸੀ ਪਾਰਟੀਆਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸਮਾਜਵਾਦੀ ਪਾਰਟੀ ਦੇ ਨੇਤਾ ਝੁਕ ਜਾਣ, ਬਸਪਾ ਦੇ ਆਗੂ ਝੁਕ ਜਾਣ, ਘਰਾਂ ਵਿੱਚ ਦੜ ਵੱਟ ਕੇ ਬੈਠ ਜਾਣ ਪਰ ਕਾਂਗਰਸ ਪਾਰਟੀ ਨਾ ਇਨ੍ਹਾਂ ਤੋਂ ਡਰਦੀ ਹੈ ਤੇ ਨਾ ਇਨ੍ਹਾਂ ਸਾਹਮਣੇ ਝੁਕੇਗੀ, ਸਗੋਂ ਉਹ ਨਿਆਂ ਲਈ ਸੰਘਰਸ਼ ਕਰੇਗੀ ਅਤੇ ਭਾਜਪਾ ਦਾ ਮੁਕਾਬਲਾ ਕਰੇਗੀ। ਉਨ੍ਹਾਂ ਮਊ ਜ਼ਿਲ੍ਹੇ ਵਿੱਚ ਇੰਦਰਾ ਗਾਂਧੀ ਪੀਜੀ ਕਾਲਜ, ਮਧੂਬਨ, ਖੈਰਾਬਾਦ, ਮੁਹੰਮਦਾਬਾਦ ਗੋਹਨਾ ਅਤੇ ਆਜ਼ਮਗੜ੍ਹ ਦੇ ਰਾਨੀ ਕੀ ਸਰਾਏ ਵਿੱਚ ਇਕੱਠ ਨੂੰ ਸੰਬੋਧਨ ਕੀਤਾ ਤੇ ਲੋਕਾਂ ਨੂੰ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ। -ਏਜੰਸੀ