ਨਵੀਂ ਦਿੱਲੀ, 20 ਮਈ
ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਰੋਨਾ ਦੌਰਾਨ ਉੱਤਰ ਪ੍ਰਦੇਸ਼ ਦੇ ਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਵੀਰਵਾਰ ਨੁੰ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਹਸਪਤਾਲਾਂ ਵਿੱਚ ਇਲਾਜ ਦੀਆਂ ਕੀਮਤਾਂ ਤੈਅ ਕਰਨ, ਮਹਿੰਗਾਈ ’ਤੇ ਰੋਕ ਲਗਾਉਣ ਸਣੇ ਹੋਰ ਕਈ ਕਲਿਆਣਕਾਰੀ ਕਦਮ ਚੁੱਕਣ। ਉਨ੍ਹਾਂ ਇਸ ਸਬੰਧੀ ਯੋਗੀ ਨੂੰ ਪੱਤਰ ਲਿਖਿਆ। ਉਨ੍ਹਾਂ ਕਿਹਾ ਕਿ ਕਿ ਕੋਵਿਡ-19 ਦੀ ਦੂਜੀ ਲਹਿਰ ਤੋਂ ਜੋ ਹਾਲਾਤ ਪੈਦਾ ਹੋਏ ਹਨ, ਉਨ੍ਹਾਂ ਤੋਂ ਭਲੀਭਾਂਤ ਸਪੱਸ਼ਟ ਹੈ ਕਿ ਸਰਕਾਰ ਦੀ ਇਸ ਸਬੰਧੀ ਪਹਿਲਾਂ ਤੋਂ ਕੋਈ ਤਿਆਰੀ ਨਹੀਂ ਸੀ। ਕਾਂਗਰਸ ਦੀ ਜਨਰਲ ਸਕੱਤਰ ਤੇ ਉੱਤਰ ਪ੍ਰਦੇਸ਼ ਦੀ ਮੁਖੀ ਨੇ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਦੌਰਾਨ ਲੋਕਾਂ ਨੂੰ ਕਾਫ਼ੀ ਸਮੱਸਿਆਵਾਂ ਝੱਲਣੀਆਂ ਪਈਆਂ ਹਨ। ਅਪਰੈਲ-ਮਈ ਵਿੱਚ ਮਚੇ ਹਾਹਾਕਾਰ ਨੇ ਸਰਕਾਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸਰਕਾਰ ਦੀ ਇਸ ਸਬੰਧੀ ਪਹਿਲਾਂ ਤੋਂ ਕੋਈ ਤਿਆਰੀ ਨਹੀਂ ਸੀ।
ਉਨ੍ਹਾਂ ਖਤ ਵਿੱਚ ਲੋਕਾਂ ਦੀ ਸਹੂਲਤ ਲਈ ਮੁੱਖ ਮੰਤਰੀ ਨੂੰ ਪੰਜ ਸੁਝਾਅ ਦਿੱਤੇ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਇਮਾਨਦਾਰੀ ਅਤੇ ਮਿਹਨਤ ਨਾਲ ਖਾਣ-ਕਮਾਉਣ ਵਾਲੇ ਲੋਕਾਂ ਨੂੰ ਅਜਿਹੇ ਮੁਸ਼ਕਲ ਹਾਲਾਤ ਵਿੱਚ ਉਨ੍ਹਾਂ ਦੇ ਹਾਲ ’ਤੇ ਛੱਡਣ ਦੀ ਥਾਂ ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਤੁਹਾਡੀ ਸਰਕਾਰ ਅੱਗੇ ਵਧ ਕੇ ਕੁੱਝ ਕਲਿਆਣਕਾਰੀ ਕਦਮ ਚੁੱਕੇ ਜਿਸ ਨਾਲ ਲੋਕਾਂ ਨੂੰ ਸਮੱਸਿਆਵਾਂ ਤੋਂ ਕੁੱਝ ਰਾਹਤ ਮਿਲੇ।
ਉਨ੍ਹਾਂ ਕਿਹਾ ਕਿ ਇਲਾਜ ਲਈ ਲੋਕ ਕਰਜ਼ਾ ਲੈ ਰਹੇ ਹਨ। ਅਜਿਹੇ ਵਿੱਚ ਨਿੱਜੀ ਹਸਪਤਾਲਾਂ ਵਿੱਚ ਇਲਾਜ ਦੀਆਂ ਕੀਮਤਾਂ ਤੈਅ ਹੋਣ ਤਾਂ ਜੋ ਲੋਕਾਂ ਨੂੰ ਆਰਥਿਕ ਨੁਕਸਾਨ ਨਾ ਸਹਿਣਾ ਪਵੇ। ਜਿਹੜੇ ਲੋਕਾਂ ਤੋਂ ਜ਼ਰੂਰਤ ਤੋਂ ਜ਼ਿਆਦਾ ਰਕਮ ਵਸੂਲੀ ਗਈ ਹੈ ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਪ੍ਰਿਅੰਕਾ ਨੇ ਸੁਝਾਅ ਦਿੱਤਾ ਹੈ ਕਿ ਮਹਿੰਗਾਈ ’ਤੇ ਰੋਕ ਲਾਉਣ ਲਈ ਠੋਸ ਕਦਮ ਚੁੱਕੇ ਜਾਣ ਅਤੇ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਨਾ ਕੀਤਾ ਜਾਵੇ ਕਿਉਂਕਿ ਲੋਕ ਤਾਂ ਪਹਿਲਾਂ ਹੀ ਬਹੁਤ ਦੁਖੀ ਹਨ। ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਵੀ ਛੇਤੀ ਰਾਹਤ ਦਿੱਤੀ ਜਾਵੇ। -ਪੀਟੀਆਈ
ਐਲਾਨਾਂ ਦੀ ਥਾਂ ਪ੍ਰਬੰਧ ਕਰੇ ਸਰਕਾਰ: ਮਾਇਆਵਤੀ
ਲਖਨਊ: ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵਧਣ ’ਤੇ ਚਿੰਤਾ ਪ੍ਰਗਟਾਈ ਹੈ। ਸੂਬੇ ਵਿੱਚ ਪੇਂਡੂ ਖੇਤਰਾਂ ਵਿੱਚ ਕਰੋਨਾ ਵਧਣ ਕਾਰਨ ਉਨ੍ਹਾਂ ਸਥਾਨਕ ਸਰਕਾਰ ਨੂੰ ਘੋਸ਼ਣਾਵਾਂ ਦੀ ਥਾਂ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਪੇਂਡੂ ਖੇਤਰਾਂ ਵਿੱਚ ਕਰੋਨਾ ਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਲੋਕਾਂ ਦੀ ਜਾਨ ਲੈ ਰਿਹਾ ਹੈ। ਲੋਕ ਜਿਵੇਂ ਨਾ ਕਿਵੇਂ ਲਾਸ਼ਾਂ ਦਾ ਸਸਕਾਰ ਕਰਨ ਲਈ ਮਜਬੂਰ ਹੋ ਰਹੇ ਹਨ। ਅਜਿਹੇ ਵਿੱਚ ਉਜੜੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਹਰ ਤਰ੍ਹਾਂ ਦੀ ਮੱਦਦ ਕਰਨ ਲਈ ਸਰਕਾਰ ਨੂੰ ਘੋਸ਼ਣਾਵਾਂ ਦੀ ਥਾਂ ਤੁਰੰਤ ਹੀਲੇ ਵਸੀਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਦਾਅਵਿਆਂ ਅਨੁਸਾਰ ਦੇਸ਼ ਵਿੱਚ ਕਰੋਨਾ ਦੇ ਮਾਮਲੇ ਘਟ ਰਹੇ ਹਨ, ਜੋ ਥੋੜ੍ਹੀ ਰਾਹਤ ਵਾਲੀ ਗੱਲ ਹੈ ਪਰ ਕਰੋਨਾ ਨਾਲ ਮੌਤਾਂ ਦੀ ਗਿਣਤੀ ਵਧ ਰਹੀ ਹੈ। ਕਾਰਨ ਭਾਵੇਂ ਕੋਈ ਵੀ ਹੋਵੇ ਪਰ ਇਹ ਬਹੁਤ ਚਿੰਤਾਜਨਕ ਸਥਿਤੀ ਹੈ, ਜਿਸ ਤੋਂ ਮੁਕਤੀ ਲਈ ਹਰ ਪੜਾਅ ’ਤੇ ਹਰ ਤਰ੍ਹਾਂ ਦੇ ਇਮਾਨਦਾਰ ਉਪਰਾਲੇ ਬਹੁਤ ਜ਼ਰੂਰੀ ਹਨ। -ਪੀਟੀਆਈ