ਮੁੰਬਈ, 16 ਸਤੰਬਰ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਪ੍ਰਾਈਵੇਟ ਸੈਕਟਰ ਨੂੰ ਕਿਹਾ ਹੈ ਕਿ ਉਹ ਲਘੂ, ਛੋਟੇ ਤੇ ਦਰਮਿਆਨੇ ਉਦਯੋਗਾਂ ਦੇ ਬਕਾਏ 45 ਦਿਨਾਂ ਵਿਚ ਦੇਣੇ ਯਕੀਨੀ ਬਣਾਉਣ। ਉਨ੍ਹਾਂ ਇਹ ਵੀ ਮੰਨਿਆ ਕਿ ਕੇਂਦਰ ਤੇ ਰਾਜ ਸਰਕਾਰਾਂ ਅਤੇ ਸਰਕਾਰੀ ਕੰਪਨੀਆਂ ਦੇ ਵੀ ਅਜਿਹੇ ਕਾਰੋਬਾਰਾਂ ਵੱਲ ਬਕਾਏ ਖੜ੍ਹੇ ਹਨ। ਸੀਤਾਰਾਮਨ ਨੇ ਵੱਡੇ ਕਾਰੋਬਾਰੀਆਂ ਨਾਲ ਆਪਣੀ ਮੀਟਿੰਗ ਵਿਚ ਦੋ ਦਿਨ ਪਹਿਲਾਂ ਕਿਹਾ ਸੀ ਕਿ ਐਮਐੱਸਐਮਈ ਸੈਕਟਰ ਦੇ ਬਕਾਏ ਮੋੜਨੇ ਯਕੀਨੀ ਬਣਾਏ ਜਾਣ ਜੋ ਕਿ ਦੇਸ਼ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ। ਆਰਐੱਸਐੱਸ ਨਾਲ ਸਬੰਧਤ ਸੰਸਥਾ ‘ਲਘੂ ਉਦਯੋਗ ਭਾਰਤੀ’ ਦੇ ਸਮਾਗਮ ਵਿਚ ਮੰਤਰੀ ਨੇ ਕਿਹਾ ਕਿ ਅਦਾਇਗੀਆਂ ਕਰ ਕੇ ਪ੍ਰਾਈਵੇਟ ਸੈਕਟਰ ਤੇ ਉਦਯੋਗਾਂ ਨੂੰ ਅਕਾਊਂਟ ਬੁੱਕ ਰਜਿਸਟਰਾਰ ਆਫ ਕੰਪਨੀਜ਼ ਕੋਲ ਦਰਜ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੀ ਯਕੀਨੀ ਬਣਾ ਰਹੀ ਹੈ ਕਿ ਛੋਟੇ ਕਾਰੋਬਾਰੀਆਂ ਦੇ ਬਕਾਏ 90 ਦਿਨਾਂ ’ਚ ਦੇਣੇ ਯਕੀਨੀ ਬਣਾਏ ਜਾਣ। -ਪੀਟੀਆਈ