ਨਵੀਂ ਦਿੱਲੀ, 19 ਜੁਲਾਈ
ਬਾਰ੍ਹਾਂ ਪ੍ਰਾਈਵੇਟ ਰੇਲਗੱਡੀਆਂ ਦਾ ਪਹਿਲਾ ਸੈੱਟ ਸਾਲ 2023 ਵਿੱਚ ਰੇਲ ਪੱਟੜੀ ’ਤੇ ਦੌੜੇਗਾ। ਰੇਲਵੇ ਦੀ ਮੁੱਢਲੀ ਸਮੇਂ ਸਾਰਣੀ ਮੁਤਾਬਕ ਇਸ ਤੋਂ ਅਗਲੇ ਵਿੱਤੀ ਸਾਲ ਵਿੱਚ 45 ਹੋਰ ਰੇਲਗੱਡੀਆਂ ਮੈਦਾਨ ’ਚ ਨਿੱਤਰਨਗੀਆਂ। ਰੇਲਵੇ ਦੀ ਸਾਲ 2027 ਤਕ ਅਜਿਹੀਆਂ ਕੁੱਲ ਮਿਲਾ ਕੇ 151 ਰੇਲਗੱਡੀਆਂ ਚਲਾਉਣ ਦੀ ਯੋਜਨਾ ਹੈ। ਨਿੱਜੀ ਖੇਤਰ ਦੀਆਂ ਕੰਪਨੀਆਂ ਨੂੰ ਆਪਣੇ ਨੈੱਟਵਰਕ ’ਤੇ ਮੁਸਾਫ਼ਰ ਰੇਲਗੱਡੀਆਂ ਚਲਾਉਣ ਦੀ ਯੋਜਨਾ ਦਾ ਰਸਮੀ ਐਲਾਨ ਕਰਨ ਮਗਰੋਂ ਰੇਲਵੇ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਤਜਵੀਜ਼ਾਂ ਮੰਗੀਆਂ ਸਨ। ਯੋਜਨਾ ਤਹਿਤ ਦੇਸ਼ ਭਰ ਦੇ 109 ਰੂਟਾਂ ’ਤੇ 151 ਆਧੁਨਿਕ ਮੁਸਾਫ਼ਰ ਗੱਡੀਆਂ ਚਲਾਈਆਂ ਜਾਣਗੀਆਂ। ਇਸ ਪ੍ਰਾਜੈਕਟ ਤਹਿਤ ਪ੍ਰਾਈਵਟ ਸੈਕਟਰ ਵੱਲੋਂ ਲਗਪਗ 30 ਹਜ਼ਾਰ ਕਰੋੜ ਦਾ ਨਿਵੇਸ਼ ਕੀਤਾ ਜਾਵੇਗਾ। ਪ੍ਰਾਈਵੇਟ ਰੇਲਗੱਡੀਆਂ ਦੀ ਯੋਜਨਾ ਦੇ ਹਿੱਸੇ ਵਜੋਂ ਰੇਲਵੇ ਦੀ ਸਾਲ 2022-23 ਵਿੱਚ 12 ਗੱਡੀਆਂ, 2023-24 ਵਿੱਚ 45, 2025-26 ਵਿੱਚ 50 ਤੇ ਇਸ ਤੋਂ ਅਗਲੇ ਵਿੱਤੀ ਸਾਲ ਵਿੱਚ 44 ਹੋਰ ਗੱਡੀਆਂ ਚਲਾਉਣ ਦੀ ਯੋਜਨਾ ਹੈ। ਕੁੱਲ ਮਿਲਾ ਕੇ ਵਿੱਤੀ ਸਾਲ 2016-27 ਦੇ ਅੰਤ ਤਕ ਕੁੱਲ 151 ਨਿੱਜੀ ਰੇਲਗੱਡੀਆਂ ਵੱਖ ਵੱਖ ਰੂਟਾਂ ’ਤੇ ਚੱਲਣਗੀਆਂ। ਨਿੱਜੀ ਕੰਪਨੀਆਂ ਲਈ ਯੋਗਤਾ ਨੇਮਾਂ ਨੂੰ ਨਵੰਬਰ ਤਕ ਫਾਈਨਲਾਈਜ਼ ਕਰ ਲਿਆ ਜਾਵੇਗਾ। ਵਿੱਤੀ ਬੋਲੀਆਂ ਮਾਰਚ 2021 ਤਕ ਖੁੱਲ੍ਹਣਗੀਆਂ ਜਦੋਂਕਿ ਬੋਲੀਕਾਰਾਂ ਦੀ ਚੋਣ 30 ਅਪਰੈਲ 2021 ਤਕ ਹੋ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਕੁੱਲ ਮਾਲੀਏ ’ਚ ਸਭ ਤੋਂ ਵੱਧ ਹਿੱਸਾ ਪਾਉਣ ਵਾਲੇ ਬੋਲੀਕਾਰ ਨੂੰ ਪ੍ਰਾਜੈਕਟ ਦਿੱਤਾ ਜਾਵੇਗਾ। ਚੇਤੇ ਰਹੇ ਕਿ ਰੇਲਵੇ ਨੇ ਕਿਹਾ ਸੀ ਕਿ 70 ਫੀਸਦ ਨਿੱਜੀ ਰੇਲਗੱਡੀਆਂ ਭਾਰਤ ਵਿੱਚ ਨਿਰਮਤ ਹੋਣਗੀਆਂ ਤੇ ਇਨ੍ਹਾਂ ਨੂੰ ਵੱਧ ਤੋਂ ਵੱਧ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਲਈ ਡਿਜ਼ਾਈਨ ਕੀਤਾ ਜਾਵੇਗਾ। ਇਨ੍ਹਾਂ ਪ੍ਰਾਈਵੇਟ ਗੱਡੀਆਂ ਨੂੰ ਭਾਰਤੀ ਰੇਲਵੇ ਦੇ ਡਰਾਈਵਰ ਤੇ ਗਾਰਡ ਹੀ ਚਲਾਉਣਗੇ। ਇਨ੍ਹਾਂ ਦੀ ਸਾਂਭ-ਸੰਭਾਲ ਭਾਰਤੀ ਰੇਲਵੇ ਵੱਲੋਂ ਜਾਰੀ ਮਾਪਦੰਡਾਂ ਤੇ ਲੋੜਾਂ ਮੁਤਾਬਕ ਹੀ ਕੀਤੀ ਜਾਵੇੇਗੀ।