ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਆਦੇਸ਼ ਜਾਰੀ ਕੀਤੇ ਹਨ ਕਿ ਕਰੋਨਾਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਉਸ ਦੇ ਨਿਰਦੇਸ਼ ’ਤੇ ਰਾਜਾਂ ਦੀਆਂ ਉੱਚ ਤਾਕਤੀ ਕਮੇਟੀਆਂ ਵੱਲੋਂ ਰਿਹਾਅ ਕੀਤੇ ਗਏ ਕੈਦੀਆਂ ਨੂੰ ਅਗਲੇ ਹੁਕਮਾਂ ਤੱਕ ਆਤਮਸਮਰਪਣ ਕਰਨ ਲਈ ਨਾ ਕਿਹਾ ਜਾਵੇ। ਚੀਫ਼ ਜਸਿਟਸ ਐੱਨ.ਵੀ. ਰਾਮੰਨਾ ਦੀ ਪ੍ਰਧਾਨਗੀ ਵਾਲੇ ਇਕ ਵਿਸ਼ੇਸ਼ ਬੈਂਚ ਨੇ ਰਾਜਾਂ ਦੀਆਂ ਉੱਚ ਤਾਕਤੀ ਕਮੇਟੀਆਂ ਨੂੰ ਨਿਰਦੇਸ਼ ਦਿੱਤਾ ਕਿ ਜੇਲ੍ਹਾਂ ਵਿਚ ਭੀੜ ਘੱਟ ਕਰਨ ਲਈ ਕੈਦੀਆਂ ਦੀ ਰਿਹਾਈ ਸਬੰਧੀ ਉਸ ਦੇ 7 ਮਈ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਅਪਣਾਏ ਗਏ ਨੇਮਾਂ ਬਾਰੇ ਜਾਣਕਾਰੀ ਪੰਜ ਦਿਨਾਂ ਦੇ ਅੰਦਰ ਦਾਖ਼ਲ ਕਰਵਾਈ ਜਾਵੇ। ਸਿਖ਼ਰਲੀ ਅਦਾਲਤ ਨੇ ਕੌਮੀ ਕਾਨੂੰਨੀ ਸੇਵਾਵਾਂ ਅਥਾਰਿਟੀ ਨੂੰ ਵੀ ਸੂਬਿਆਂ ਦੀਆਂ ਉੱਚ ਤਾਕਤੀ ਕਮੇਟੀਆਂ ਵੱਲੋਂ ਅਪਣਾਏ ਗਏ ਨੇਮਾਂ ਸਬੰਧੀ ਜਾਣਕਾਰੀ ਹਾਸਲ ਕਰ ਕੇ ਇਸ ਸਬੰਧੀ ਇਕ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਹੈ। -ਪੀਟੀਆਈ