ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 11 ਫਰਵਰੀ
ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਨੂੰ ਦਿੱਤੀ ਗਈ ਭਾਵੁਕ ਵਿਦਾਇਗੀ ਨੂੰ ਪਹਿਲਾਂ ਤੋਂ ‘ਘੜੀ-ਘੜਾਈ ਪੇਸ਼ਕਾਰੀ’ ਕਰਾਰ ਦਿੱਤਾ ਹੈ। ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ ਦੀ ਸਵੈ-ਜੀਵਨੀ ਬਾਰੇ ਵਿਚਾਰ-ਚਰਚਾ ’ਚ ਹਿੱਸਾ ਲੈਂਦਿਆਂ ਸ੍ਰੀ ਥਰੂਰ ਨੇ ਪ੍ਰਧਾਨ ਮੰਤਰੀ ਦੇ ਭਾਵੁਕ ਹੋਣ ਦੀ ਘਟਨਾ ਉੱਤੇ ਟਿੱਪਣੀ ਕਰਦਿਆਂ ਕਿਹਾ,‘ਇਹ ਬਹੁਤ ਹੀ ਕਲਾਤਮਕ ਤਰੀਕੇ ਨਾਲ ਤਿਆਰ ਕੀਤੀ ਗਈ ਪੇਸ਼ਕਾਰੀ ਸੀ। ਇਹ ਅੰਸ਼ਿਕ ਤੌਰ ’ਤੇ ਰਾਕੇਸ਼ ਟਿਕੈਤ ਦੇ ਹੰਝੂਆਂ ਨੂੰ ਟੱਕਰ ਦੇਣ ਲਈ ਸੀ ਤਾਂ ਜੋ ਪ੍ਰਧਾਨ ਮੰਤਰੀ ਇਹ ਸਾਬਿਤ ਕਰ ਸਕਣ ਕਿ ਉਹ ਵੀ ਹੰਝੂ ਵਹਾ ਸਕਦੇ ਹਨ।’ ਪੱਤਰਕਾਰ ਰਾਜਦੀਪ ਸਰਦੇਸਾਈ ਵੱਲੋਂ ਸ੍ਰੀ ਥਰੂਰ ਨੂੰ ਪ੍ਰਧਾਨ ਮੰਤਰੀ ਵੱਲੋਂ ਰਾਜ ਸਭਾ ’ਚ ਵਹਾਏ ਗਏ ਹੰਝੂਆਂ ਬਾਰੇ ਸਵਾਲ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸ਼ਸ਼ੀ ਥਰੂਰ ਅਤੇ ਸਰਦੇਸਾਈ ਸਮੇਤ 7 ਵਿਅਕਤੀਆਂ ਖ਼ਿਲਾਫ਼ ਦਰਜ ਕੇਸ ’ਚ ਸੁਪਰੀਮ ਕੋਰਟ ਨੇ 9 ਫਰਵਰੀ ਨੂੰ ਉਨ੍ਹਾਂ ਦੀ ਗ੍ਰਿਫ਼ਤਾਰੀ ਉੱਤੇ ਰੋਕ ਲਾ ਕੇ ਰਾਹਤ ਦੇ ਦਿੱਤੀ ਹੈ। ਸ੍ਰੀ ਥਰੂਰ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਹਾਮਿਦ ਅਨਸਾਰੀ ਵਰਗੀਆਂ ਹਸਤੀਆਂ ਲਈ ਸਿਆਸਤ ’ਚ ਥਾਂ ਨਹੀਂ ਰਹੀ ਹੈ।