ਨਵੀਂ ਦਿੱਲੀ, 21 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ‘ਪੀਐੱਮ ਕੇਅਰਜ਼ ਫੰਡ’ ਦੇ ਟਰੱਸਟੀਆਂ ਦੇ ਬੋਰਡ ਨਾਲ ਮੀਟਿੰਗ ਕੀਤੀ। ਪ੍ਰਧਾਨ ਮੰਤਰੀ ਦਫਤਰ ਵੱਲੋਂ ਅੱਜ ਜਾਰੀ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ। ਮੀਟਿੰਗ ਵਿੱਚ ਦੇਸ਼ ਦੇ ਸਾਬਕਾ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਰਾਜੀਵ ਮਹਾਰਿਸ਼ੀ, ਇੰਫੋਸਿਸ ਦੀ ਸਾਬਕਾ ਪ੍ਰਧਾਨ ਸੁਧਾ ਮੂਰਤੀ ਅਤੇ ਇੰਡੀ ਕੋਪਰਸ ਅਤੇ ਪੀਰਾਮਲ ਫਾਊਂਡੇਸ਼ਨ ਦੇ ਸਾਬਕਾ ਕਾਰਜਕਾਰੀ ਅਧਿਕਾਰੀ ਆਨੰਦ ਸ਼ਾਹ ਨੂੰ ਪੀਐੱਮ ਕੇਰਰਜ਼ ਫੰਡ ਦੇ ਸਲਾਹਕਾਰ ਬੋਰਡ ਵਿੱਚ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ। ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ ਮੀਟਿੰਗ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਾਮਨ, ਨਵ-ਨਿਯੁਕਤ ਟਰੱਸਟੀ ਕੇ.ਟੀ. ਥਾਮਸ, ਲੋਕ ਸਭਾ ਦੇ ਸਾਬਕਾ ਉਪ ਚੇਅਰਮੈਨ ਕਰੀਆ ਮੁੰਡਾ ਅਤੇ ਟਾਟਾ ਸੰਨਜ਼ ਵੱਲੋਂ ਰਤਨ ਟਾਟਾ ਸ਼ਾਮਲ ਹੋਏ। ਮੀਟਿੰਗ ਦੌਰਾਨ ਕਰੋਨਾ ਕਾਰਨ ਆਪਣੇ ਪਰਿਵਾਰਾਂ ਨੂੰ ਗੁਆ ਚੁੱਕੇ 4345 ਬੱਚਿਆਂ ਦੀ ਮਦਦ ਕਰਨ ਵਾਲੇ ‘ਪੀਐੱਮ ਕੇਅਰਜ਼ ਫਾਰ ਚਿਲਡਰਨ’ ਸਣੇ ਪੀਐੈੱਮ ਕੇਅਰਜ਼ ਦੀ ਮਦਦ ਨਾਲ ਸ਼ੁਰੂ ਕੀਤੀਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਪੇਸ਼ਕਾਰੀ ਦਿੱਤੀ ਗਈ। ਟਰੱਸਟੀਆਂ ਨੇ ਕਰੋਨਾ ਕਾਲ ’ਚ ਫੰਡ ਵੱਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ ਜਦਕਿ ਪ੍ਰਧਾਨ ਮੰਤਰੀ ਨੇ ਪੀਐੱਮ ਕੇਅਰਜ਼ ਫੰਡ ’ਚ ਯੋਗਦਾਨ ਦੇਣ ਵਾਲਿਆਂ ਦੀ ਸ਼ਲਾਘਾ ਕੀਤੀ।