ਨਵੀਂ ਦਿੱਲੀ, 2 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਪ੍ਰਹਿਲਾਦ ਮੋਦੀ, ਜੋ ਆਲ ਇੰਡੀਆ ਫੇਅਰ ਪ੍ਰਾਈਸ ਸ਼ੌਪ ਡੀਲਰਜ਼ ਫੈਡਰੇਸ਼ਨ ਦੇ ਉਪ ਪ੍ਰਧਾਨ ਵੀ ਹਨ, ਨੇ ਅੱਜ ਇਥੇ ਜਥੇਬੰਦੀ ਦੀਆਂ ਵੱਖ ਵੱਖ ਮੰਗਾਂ ਨੂੰ ਲੈ ਕੇ ਜੰਤਰ ਮੰਤਰ ’ਤੇ ਧਰਨਾ ਦਿੱਤਾ। ਪ੍ਰਹਿਲਾਦ ਮੋਦੀ ਆਲ ਇੰਡੀਆ ਫੇਅਰ ਪ੍ਰਾਈਸ ਸ਼ੌਪ ਡੀਲਰਜ਼ ਫੈਡਰੇਸ਼ਨ (ਏਆਈਐੱਫਪੀਐੱਸਡੀਐੱਫ) ਦੇ ਹੋਰਨਾਂ ਮੈਂਬਰਾਂ ਨਾਲ ਇਥੇ ਜੰਤਰ-ਮੰਤਰ ’ਤੇ ਇਕੱਠੇ ਹੋਏ। ਮੈਂਬਰਾਂ ਨੇ ਹੱਥਾਂ ਵਿੱਚ ਤਖ਼ਤੀਆਂ ਚੁੱਕ ਕੇ ਨਾਅਰੇਬਾਜ਼ੀ ਕੀਤੀ।
ਰਾਸ਼ਨ ਡਿੱਪੂ ਐਸੋਸੀਏਸ਼ਨ ਦੇ ਕੌਮੀ ਜਨਰਲ ਸਕੱਤਰ ਬਿਸ਼ੰਭਰ ਬਾਸੂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਦੇ ਨਾਂ ਉੱਤੇ ਨੌਂ ਨੁਕਾਤੀ ਮੰਗਾਂ ਦੀ ਸੂਚੀ ਵਾਲਾ ਯਾਦਪੱਤਰ ਵੀ ਦੇਣਗੇ। ਬਾਸੂ ਨੇ ਕਿਹਾ, ‘‘ਸਾਡੀ ਬੁੱਧਵਾਰ ਨੂੰ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਵੀ ਮਿਲਣ ਦੀ ਯੋਜਨਾ ਹੈ।’’ ਜਥੇਬੰਦੀ ਵੱਲੋਂ ਰਾਸ਼ਨ ਦੀਆਂ ਦੁਕਾਨਾਂ ਰਾਹੀਂ ਸਪਲਾਈ ਕੀਤੇ ਜਾਂਦੇ ਚਾਵਲ, ਆਟਾ, ਖੰਡ, ਖਾਣ ਵਾਲਾ ਤੇਲ ਤੇ ਦਾਲਾਂ ਦੇ ਹੋਣ ਵਾਲੇ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਜਥੇਬੰਦੀ ਨੇ ਮੁਫ਼ਤ ਡਿਸਟ੍ਰੀਬਿਊਸ਼ਨ ਲਈ ‘ਪੱਛਮੀ ਬੰਗਾਲ ਰਾਸ਼ਨ ਮਾਡਲ’ ਪੂਰੇ ਦੇਸ਼ ਵਿੱਚ ਲਾਗੂ ਕਰਨ ਅਤੇ ਜੰਮੂ ਤੇ ਕਸ਼ਮੀਰ ਸਣੇ ਸਾਰੇ ਰਾਜਾਂ ਦੇ ਬਣਦੇ ਬਕਾਏ ਫੌਰੀ ਜਾਰੀ ਕੀਤੇ ਜਾਣ ਦੀ ਮੰਗ ਵੀ ਕੀਤੀ ਹੈ। -ਪੀਟੀਆਈ