ਨਵੀਂ ਦਿੱਲੀ, 11 ਮਈ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ’ਚ ਕਰੋਨਾ ਮਹਾਮਾਰੀ ਦੀ ਗੰਭੀਰ ਸਥਿਤੀ ਨੂੰ ਲੈ ਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣਾ ਗੁਲਾਬੀ ਚਸ਼ਮਾ ਉਤਾਰਨਾ ਚਾਹੀਦਾ ਹੈ ਜਿਸ ਰਾਹੀਂ ਉਨ੍ਹਾਂ ਨੂੰ ‘ਸੈਂਟਰਲ ਵਿਸਟਾ’ ਪ੍ਰਾਜੈਕਟ ਤੋਂ ਇਲਾਵਾ ਕੁਝ ਹੋਰ ਦਿਖਾਈ ਨਹੀਂ ਦਿੰਦਾ। ਉਨ੍ਹਾਂ ਟਵੀਟ ਕੀਤਾ, ‘ਨਦੀਆਂ ’ਚ ਵਹਿੰਦੀਆਂ ਲਾਸ਼ਾਂ, ਹਸਪਤਾਲਾਂ ’ਚ ਲੰਮੀਆਂ ਕਤਾਰਾਂ, ਜੀਵਨ ਸੁਰੱਖਿਆ ਦਾ ਖੋਹਿਆ ਗਿਆ ਹੱਕ! ਪ੍ਰਧਾਨ ਮੰਤਰੀ ਜੀ ਉਹ ਗੁਲਾਬੀ ਚਸ਼ਮਾ ਉਤਾਰੋ ਜਿਸ ’ਚੋਂ ਸੈਂਟਰਲ ਵਿਸਟਾ ਤੋਂ ਇਲਾਵਾ ਕੁਝ ਵੀ ਦਿਖਾਈ ਨਹੀਂ ਦਿੰਦਾ।’ ਰਾਹੁਲ ਗਾਂਧੀ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਕਰੋਨਾ ਮਹਾਮਾਰੀ ਦੇ ਦੌਰ ’ਚ ਇੱਕ-ਦੂਜੇ ਦੀ ਮਦਦ ਕਰਨ। ਉਨ੍ਹਾਂ ਕਰੋਨਾ ਮਹਾਮਾਰੀ ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਸੋਸ਼ਲ ਮੀਡੀਆ ਮੁਹਿੰਮ ‘ਸਪੀਕਅਪ ਟੂ ਸੇਵ ਲਾਈਵਜ਼’ ਤਹਿਤ ਲੋਕਾਂ ਨੂੰ ਇਸ ਸਮੇਂ ਇਕਜੁੱਟ ਹੋਣ ਦੀ ਅਪੀਲ ਕੀਤੀ। ਕਾਂਗਰਸ ਆਗੂ ਨੇ ਇੱਕ ਮਿੰਟ ਦੀ ਵੀਡੀਓ ਸਾਂਝੀ ਕੀਤੀ ਜਿਸ ’ਚ ਦਿਖਾਇਆ ਗਿਆ ਹੈ ਕਿ ਆਕਸੀਜਨ, ਵੈਂਟੀਲੇਟਰ, ਆਈਸੀਯੂ ਬੈੱਡ ਤੇ ਟੀਕਿਆਂ ਦੀ ਕਮੀ ਹੈ ਅਤੇ ਲੋਕ ਇਨ੍ਹਾਂ ਲਈ ਸੰਘਰਸ਼ ਕਰ ਰਹੇ ਹਨ। ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਸਾਡੇ ਦੇਸ਼ ਨੂੰ ਇਸ ਮੁਸ਼ਕਿਲ ਸਮੇਂ ’ਚ ਮਦਦਗਾਰ ਹੱਥਾਂ ਦੀ ਲੋੜ ਹੈ। ਚਲੋ ਅਸੀਂ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਆਪਣੇ ਹਿੱਸੇ ਦਾ ਯੋਗਦਾਨ ਪਾਈਏ। ਇਸ ਮੁਹਿੰਮ ਨਾਲ ਜੁੜੀਏ ਤੇ ਕਰੋਨਾ ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਕਰੀਏ।’ ਕਾਂਗਰਸ ਨੇ ਕੌਮੀ ਦਫ਼ਤਰ ਤੇ ਸੂਬਾਈ ਇਕਾਈਆਂ ਦੇ ਦਫ਼ਤਰਾਂ ’ਚ ਵੀ ਕੰਟਰੋਲ ਰੂਮ ਸਥਾਪਤ ਕੀਤੇ ਹਨ। -ਪੀਟੀਆਈ