ਨਵੀਂ ਦਿੱਲੀ, 17 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਐੱਮ-ਕਿਸਾਨ ਸਕੀਮ ਤਹਿਤ 11 ਕਰੋੜ ਯੋਗ ਕਿਸਾਨਾਂ ਲਈ 16,000 ਕਰੋੜ ਰੁਪਏ ਦੀ 12ਵੀਂ ਕਿਸ਼ਤ ਜਾਰੀ ਕਰ ਦਿੱਤੀ ਹੈ। ਇਸ ਸੱਜਰੀ ਕਿਸ਼ਤ ਨਾਲ ਯੋਗ ਲਾਭਪਾਤਰੀ ਕਿਸਾਨਾਂ ਦੇ ਖਾਤਿਆਂ ਵਿੱਚ ਹੁੁਣ ਤੱਕ 2.16 ਲੱਖ ਕਰੋੜ ਰੁਪਏ ਦੀ ਰਾਸ਼ੀ ਤਬਦੀਲ ਕੀਤੀ ਜਾ ਚੁੱਕੀ ਹੈ। ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ (ਪੀਐੱੱਮ-ਕਿਸਾਨ) ਤਹਿਤ ਕਿਸਾਨਾਂ ਨੂੰ ਹਰ ਚਾਰ ਮਹੀਨਿਆਂ ਬਾਅਦ 2000 ਰੁਪਏ ਦੀਆਂ ਤਿੰਨ ਬਰਾਬਰ ਕਿਸ਼ਤਾਂ ਵਿੱਚ ਸਾਲਾਨਾ 6000 ਰੁਪਏ ਦਾ ਵਿੱਤੀ ਲਾਭ ਦਿੱਤਾ ਜਾਂਦਾ ਹੈ। ਸਕੀਮ ਦੀ ਸ਼ੁਰੂਆਤ ਫਰਵਰੀ 2019 ਵਿੱਚ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ 12ਵੀਂ ਕਿਸ਼ਤ ਕੌਮੀ ਰਾਜਧਾਨੀ ਦੇ ਪੂਸਾ ਕੈਂਪਸ ਵਿੱਚ ਕਰਵਾਏ ਦੋ ਰੋਜ਼ਾ ‘ਪੀਐੱਮ ਕਿਸਾਨ ਸੰਮਾਨ ਸੰਮੇਲਨ 2022’ ਦੌਰਾਨ ਜਾਰੀ ਕੀਤੀ ਹੈ। ਇਸ ਮੌਕੇ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਅਤੇ ਕੈਮੀਕਲਜ਼ ਤੇ ਫਰਟੀਲਾਈਜ਼ਰ ਮੰਤਰੀ ਮਨਸੁਖ ਮੰਡਾਵੀਆ ਵੀ ਮੌਜੂਦ ਸਨ। ਸਮਾਗਮ ਵਿੱਚ ਦੇਸ਼ ਭਰ ਤੋਂ 13,500 ਕਿਸਾਨ ਤੇ 1500 ਐਗਰੀ-ਸਟਾਰਟਅੱਪਸ ਵੀ ਸ਼ਮੂਲੀਅਤ ਕਰ ਰਹੇ ਹਨ।
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਭਾਰਤੀ ਜਨ ਉਰਵਰਕ ਪਰਿਯੋਜਨਾ- ਇਕ ਰਾਸ਼ਟਰ ਇਕ ਫਰਟੀਲਾਈਜ਼ਰ ਸਕੀਮ ਦਾ ਵੀ ਸ਼ੁਰੂਆਤ ਕੀਤ। ਇਸ ਸਕੀਮ ਤਹਿਤ ਕਿਸਾਨਾਂ ਨੂੰ ਸਬਸਿਡੀ ’ਤੇ ਮਿਲਣ ਵਾਲਾ ਯੂਰੀਆ ਹੁਣ ਇਕਹਿਰੇ ਬਰਾਂਡ ‘ਭਾਰਤ’ ਦੇ ਨਾਂ ਹੇਠ ਮਿਲੇਗਾ। ਸ੍ਰੀ ਮੋਦੀ ਨੇ ਇਸ ਮੌਕੇ 600 ਕਿਸਾਨ ਸਮਰਿੱਧੀ ਕੇਂਦਰਾਂ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਸੁਧਾਰਾਂ ਨਾਲ ਯੂਰੀਆ ਦੀ ਉਪਲਬਧਤਾ ਤੇ ਗੁਣਵੱਤਾ ਯਕੀਨੀ ਬਣੇਗੀ। ਪ੍ਰਧਾਨ ਮੰਤਰੀ ਨੇ ਇਸ ਮੌਕੇ ਕੌਮਾਂਤਰੀ ਹਫ਼ਤਾਵਾਰੀ ਫਰਟੀਲਾਈਜ਼ਰ ਈ-ਮੈਗਜ਼ੀਨ ‘ਇੰਡੀਅਨ ਐੱਜ’ ਤੋਂ ਵੀ ਪਰਦਾ ਚੁੱਕਿਆ।
-ਪੀਟੀਆਈ