ਨਵੀਂ ਦਿੱਲੀ, 5 ਸਤੰਬਰ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਕਿਹਾ ਕਿ ਪਿਛਲੇ ਦਿਨੀਂ ਖ਼ੁਦਕੁਸ਼ੀ ਕਰਨ ਵਾਲਾ ਸੀਬੀਆਈ ਅਧਿਕਾਰੀ ਮਾਨਸਿਕ ਦਬਾਅ ਵਿੱਚ ਸੀ। ਸਿਸੋਦੀਆ ਨੇ ਦਾਅਵਾ ਕੀਤਾ ਕਿ ਸੀਬੀਆਈ ਅਧਿਕਾਰੀ ’ਤੇ ਉਸ (ਸਿਸੋਦੀਆ) ਨੂੰ ਝੂਠੇ ਐਕਸਾਈਜ਼ ਕੇਸ ਵਿੱਚ ਫਸਾਉਣ ਲਈ ਦਬਾਅ ਪਾਇਆ ਜਾ ਰਿਹਾ ਸੀ, ਜਿਸ ਕਰਕੇ ਅਧਿਕਾਰੀ ਇਹ ਸਿਰੇ ਦਾ ਕਦਮ ਚੁੱਕਣ ਲਈ ਮਜਬੂਰ ਹੋਇਆ। ਸਿਸੋਦੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਦਿਮਾਗ ਵਿੱਚ ਇਕੋ ਗੱਲ ਚੱਲਦੀ ਹੈ ਕਿ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਕਰਕੇ ਗੈਰ-ਭਾਜਪਾ ਸ਼ਾਸਿਤ ਰਾਜਾਂ ਦੀਆਂ ਸਰਕਾਰਾਂ ਨੂੰ ਕਿਵੇਂ ਅਸਥਿਰ ਕੀਤਾ ਜਾਵੇ। ਚੇਤੇ ਰਹੇ ਕਿ ਸੀਬੀਆਈ ਨੇ ਦਿੱਲੀ ਸ਼ਰਾਬ ਆਬਕਾਰੀ ਨੀਤੀ ਵਿੱਚ ਕਥਿਤ ਬੇਨਿਯਮੀਆਂ ਦੇ ਦੋਸ਼ ਵਿੱਚ ਦਰਜ ਕੇਸ ’ਚ ਪਿਛਲੇ ਮਹੀਨੇ ਸਿਸੋਦੀਆ ਦੀ ਰਿਹਾਇਸ਼ ’ਤੇ ਛਾਪੇਮਾਰੀ ਕੀਤੀ ਸੀ। ਸਿਸੋਦੀਆ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ, ‘‘ਮੈਨੂੰ ਝੂਠੇ ਆਬਕਾਰੀ ਕੇਸ ਵਿੱਚ ਫਸਾਉਣ ਲਈ ਸੀਬੀਆਈ ਅਧਿਕਾਰੀ ’ਤੇ ਦਬਾਅ ਪਾਇਆ ਗਿਆ। ਪਰ ਉਹ ਇਸ ਮਾਨਸਿਕ ਦਬਾਅ ਨੂੰ ਨਹੀਂ ਝੱਲ ਸਕਿਆ ਤੇ ਦੋ ਦਿਨ ਪਹਿਲਾਂ ਖ਼ੁਦਕੁਸ਼ੀ ਕਰ ਗਿਆ। ਇਹ ਸੱਚੀਂ ਮੰਦਭਾਗਾ ਹੈ, ਮੈਨੂੰ ਵੱਡਾ ਦੁੱਖ ਲੱਗਾ ਹੈ।’’ ਉਪ ਮੁੱਖ ਮੰਤਰੀ ਨੇ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਅਧਿਕਾਰੀਆਂ ’ਤੇ ਇੰਨਾ ਦਬਾਅ ਕਿਉਂ ਪਾਇਆ ਜਾ ਰਿਹੈ, ਕਿ ਉਨ੍ਹਾਂ ਨੂੰ ਇਹ ਸਿਰੇ ਦਾ ਕਦਮ ਚੁੱਕਣ ਲਈ ਮਜਬੂਰ ਹੋਣਾ ਪੈਂਦਾ ਹੈ। ਮੈਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੇ ਹੋ ਤਾਂ ਕਰ ਲਵੋ, ਪਰ ਆਪਣੇ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਤਬਾਹ ਨਾ ਕਰੋ।’’ -ਪੀਟੀਆਈ
ਸੀਬੀਆਈ ਵੱਲੋਂ ਸਿਸੋਦੀਆ ਦਾ ਦਾਅਵਾ ਖਾਰਜ
ਨਵੀਂ ਦਿੱਲੀ: ਸੀਬੀਆਈ ਨੇ ਆਪਣੇ ਇਕ ਅਧਿਕਾਰੀ ਵੱਲੋਂ ਕੀਤੀ ਖੁ਼ਦਕੁਸ਼ੀ ਮਾਮਲੇ ਵਿੱਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਕੀਤੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਕੇਂਦਰੀ ਜਾਂਚ ਏਜੰਸੀ ਨੇ ਕਿਹਾ ਕਿ ਉਨ੍ਹਾਂ ਦੇ ਡਿਪਟੀ ਲੀਗਲ ਸਲਾਹਕਾਰ ਜਿਤੇਂਦਰ ਕੁਮਾਰ ਦਾ ਦਿੱਲੀ ਆਬਕਾਰੀ ਨੀਤੀ ‘ਘੁਟਾਲੇ’ ਦੀ ਜਾਂਚ ਨਾਲ ਕੋਈ ‘ਵਾਹ-ਵਾਸਤਾ ਨਹੀਂ’ ਸੀ। ਸੀਬੀਆਈ ਨੇ ਸਿਸੋਦੀਆ ਦੇ ਦਾਅਵਿਆਂ ਨੂੰ ‘ਇਲਤੀ ਤੇ ਗੁੰਮਰਾਹਕੁਨ’ ਕਰਾਰ ਦਿੰਦਿਆਂ ਕਿਹਾ ਕਿ ਉਪ ਮੁੱਖ ਮੰਤਰੀ ਵੱਲੋਂ ਦਿੱਤਾ ਬਿਆਨ ਦਿੱਲੀ ਆਬਕਾਰੀ ਨੀਤੀ ਕੇਸ ਵਿੱਚ ਚੱਲ ਰਹੀ ਮੌਜੂਦਾ ਜਾਂਚ ਤੋਂ ਧਿਆਨ ਭਟਕਾਉਣ ਦਾ ਯਤਨ ਹੈ। -ਪੀਟੀਆਈ