ਨਵੀਂ ਦਿੱਲੀ, 15 ਮਈ
ਨੇਪਾਲ ਦੇ ਦੌਰੇ ’ਤੇ ਜਾਣ ਤੋਂ ਇਕ ਦਿਨ ਪਹਿਲਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗੁਆਂਢੀ ਮੁਲਕ ਨਾਲ ਭਾਰਤ ਦੇ ਰਿਸ਼ਤੇ ‘ਬੇਜੋੜ’ ਹਨ। ਦੱਸਣਯੋਗ ਹੈ ਕਿ ਮੋਦੀ ਭਲਕੇ ਬੁੱਧ ਪੂਰਨਿਮਾ ਮੌਕੇ ਲੰੁਬਿਨੀ ਜਾਣਗੇ। ਇਕ ਬਿਆਨ ਵਿਚ ਮੋਦੀ ਨੇ ਕਿਹਾ ਕਿ ਉਹ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦਿਉਬਾ ਨਾਲ ਮੁਲਾਕਾਤ ਲਈ ਉਤਸ਼ਾਹਿਤ ਹਨ।
ਉਨ੍ਹਾਂ ਕਿਹਾ ਕਿ ਦਿਉਬਾ ਨਾਲ ਪਹਿਲਾਂ ਹੋਈ ਗੱਲਬਾਤ ਨੂੰ ਅੱਗੇ ਵਧਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਪਿਛਲੇ ਮਹੀਨੇ ਭਾਰਤ ਦੌਰੇ ’ਤੇ ਆਏ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਨੇਪਾਲ ਦੌਰਾ ਦੋਵਾਂ ਮੁਲਕਾਂ ਦੇ ‘ਪਰਖ਼ੇ’ ਹੋਏ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਉਤੇ ਕੇਂਦਰਤ ਹੋਵੇਗਾ। ਦੋਵੇਂ ਧਿਰਾਂ ਇਸ ਮੌਕੇ ਹਾਈਡ੍ਰੋਪਾਵਰ ਤੇ ਸੰਪਰਕ ਸਣੇ ਵੱਖ-ਵੱਖ ਖੇਤਰਾਂ ਵਿਚ ਭਾਈਵਾਲੀ ਦਾ ਵਿਸਤਾਰ ਕਰਨ ਬਾਰੇ ਵਿਚਾਰ-ਚਰਚਾ ਕਰਨਗੀਆਂ। ਪ੍ਰਧਾਨ ਮੰਤਰੀ ਬੁੱਧ ਪੂਰਨਿਮਾ ਮੌਕੇ ਭਲਕੇ ਪੂਰਾ ਦਿਨ ਲੰੁਬਿਨੀ ਵਿਚ ਬਿਤਾਉਣਗੇ। ਉਹ ਮਾਇਆਦੇਵੀ ਮੰਦਰ ਵੀ ਜਾਣਗੇ ਜੋ ਕਿ ਭਗਵਾਨ ਬੁੱਧ ਦਾ ਪਵਿੱਤਰ ਜਨਮ ਸਥਾਨ ਹੈ।
ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਲੰੁਬਿਨੀ ਵਿਚ ਮੁਲਾਕਾਤ ਕਰਨਗੇ। ਭਾਰਤ-ਨੇਪਾਲ ਸਭਿਆਚਾਰਕ ਤੇ ਸਿੱਖਿਆ ਖੇਤਰ ਵਿਚ ਵੀ ਸਮਝੌਤੇ ਉਤੇ ਸਹੀ ਪਾ ਸਕਦੇ ਹਨ। -ਪੀਟੀਆਈ