ਪੁਣੇ: ਇਥੇ ਉਸਾਰੇ ਵਿਸ਼ੇਸ਼ ਮੰਦਰ ’ਚੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬੁੱਤ ਹਟਾ ਦਿੱਤਾ ਗਿਆ ਹੈ। ਇਹ ਮੰਦਰ ਭਾਜਪਾ ਵਰਕਰ ਮਯੂਰ ਮੁੰਡੇ ਨੇ ਬਣਵਾਇਆ ਸੀ, ਪਰ ਉਸ ਨੇ ਹੁਣ ਇਸ ਵਿੱਚੋਂ ਪ੍ਰਧਾਨ ਮੰਤਰੀ ਦਾ ਬੁੱਤ ਕਿਉਂ ਹਟਾ ਦਿੱਤਾ, ਇਸ ਦੀ ਵਜ੍ਹਾ ਜਾਣਨ ਲਈ ਉਸ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਦੌਰਾਨ ਕੁਝ ਐੱਨਸੀਪੀ ਵਰਕਰਾਂ ਨੇ ਮਹਾਰਾਸ਼ਟਰ ਦੇ ਔਂਧ ਖੇਤਰ ਵਿੱਚ ਮੰਦਰ ਦੇ ਬਾਹਰ ਮੌਨ ਰਹਿ ਕੇ ਪ੍ਰਦਰਸ਼ਨ ਕੀਤਾ। ਐੱਨਸੀਪੀ ਸਿਟੀ ਇਕਾਈ ਦੇ ਪ੍ਰਧਾਨ ਪ੍ਰਸ਼ਾਂਤ ਜਗਤਾਪ ਨੇ ਵਿਅੰਗ ਕਸਦਿਆਂ ਕਿਹਾ, ‘‘ਸ਼ਹਿਰ ਵਿੱਚ ਇਹ ਵਿਚਾਰ ਘਰ ਕਰਨ ਲੱਗਾ ਸੀ (ਮੋਦੀ ਲਈ ਮੰਦਰ ਦੀ ਉਸਾਰੀ ਹੋਣ ਮਗਰੋਂ) ਤੇਲ ਕੀਮਤਾਂ ਘਟਣਗੀਆਂ, ਮਹਿੰਗਾਈ ਹੇਠਾਂ ਆਏਗੀ ਤੇ ਲੋਕਾਂ ਨੂੰ ਉਨ੍ਹਾਂ ਦੇ ਖਾਤਿਆਂ ਵਿੱਚ 15 ਲੱਖ ਰੁਪਏ ਮਿਲਣਗੇ। ਪਰ ਜਦੋਂ ਅਸੀਂ ਇਥੇ ਆਏ, ਕੀ ਵੇਖਦੇ ਹਾਂ ਮੰਦਰ ’ਚੋਂ ਤਾਂ ‘ਭਗਵਾਨ’ ਹੀ ਲਾਪਤਾ ਹਨ।’’ ਉਨ੍ਹਾਂ ਕਿਹਾ ਕਿ ਅਜਿਹੇ ਮੰਦਰ ਦੀ ਉਸਾਰੀ ‘ਬੌਧਿਕ ਦੀਵਾਲੀਏਪਣ’ ਦੀ ਨਿਸ਼ਾਨੀ ਸੀ। ਭਾਜਪਾ ਵਰਕਰ ਮੁੰਡੇ (37) ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਇਹ ਮੰਦਰ ‘ਅਯੁੱਧਿਆ ਵਿੱਚ ਰਾਮ ਮੰਦਰ ਦਾ ਨਿਰਮਾਣ ਕਰਵਾਉਣ ਵਾਲੇ’ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਸ਼ਰਧਾਂਜਲੀ ਹੈ। ਮੁੰਡੇ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਬਣਨ ਮਗਰੋਂ ਸ੍ਰੀ ਮੋਦੀ ਨੇ ਵਿਕਾਸ ਕਾਰਜਾਂ ਤੋਂ ਇਲਾਵਾ ਜੰਮੂ ਕਸ਼ਮੀਰ ਵਿੱਚ ਧਾਰਾ 370 ਨੂੰ ਮਨਸੂਖ ਕਰਨ, ਰਾਮ ਮੰਦਰ ਦੀ ਉਸਾਰੀ ਤੇ ਤੀਹਰੇ ਤਲਾਕ ਜਿਹੇ ਮੁੱਦਿਆਂ ਨੂੰ ਸਫ਼ਲਤਾ ਨਾਲ ਸਿੱਝਿਆ ਹੈ। ਮੁੰਡੇ ਨੇ ਕਿਹਾ ਸੀ ਕਿ ਮੰਦਰ ਵਿੱਚ ਲੱਗਾ ਲਾਲ ਪੱਥਰ ਖਾਸ ਤੌਰ ’ਤੇ ਜੈਪੁਰ ਤੋਂ ਮੰਗਵਾਇਆ ਗਿਆ ਸੀ ਤੇ ਇਸ ਦੀ ਉਸਾਰੀ ’ਤੇ ਕੁੱਲ 1.6 ਲੱਖ ਰੁਪਏ ਦਾ ਖਰਚਾ ਆਇਆ ਹੈ। -ਪੀਟੀਆਈ