ਨਵੀਂ ਦਿੱਲੀ, 1 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ‘ਵੇਬੋ’ ਨੂੰ ਛੱਡ ਦਿੱਤਾ ਹੈ। ਭਾਜਪਾ ਦੇ ਜਨਰਲ ਸੱਕਤਰ (ਸੰਗਠਨ) ਬੀ ਐਲ ਸੰਤੋਸ਼ ਨੇ ਕਿਹਾ ਕਿ ਮੋਦੀ ਨੇ ਪਹਿਲਾਂ ਸਰਹੱਦ ’ਤੇ ਤੇ ਆਰਥਿਕ ਮੋਰਚੇ ’ਤੇ ਅਤੇ ਹੁਣ ‘ਨਿੱਜੀ’ ਪੱਧਰ ’ਤੇ ਵੀ ਚੀਨ ਨੂੰ ਸਖ਼ਤ ਸੰਦੇਸ਼ ਦਿੱਤਾ ਹੈ।
ਸੂਤਰਾਂ ਅਨੁਸਾਰ ਸਰਕਾਰ ਵੱਲੋਂ 59 ਚੀਨੀ ਐਪਸ ਉੱਤੇ ਪਾਬੰਦੀ ਲਾਏ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ਵੇਬੋ(ਵੀਈਆਈਬੀਓ) ਨੂੰ ਛੱਡਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸ੍ਰੀ ਮੋਦੀ ਨੇ 2015 ਵਿੱਚ ਵੇਬੋ ਦੀ ਵਰਤੋਂ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਵੇਬੋ ਕੋਲ ਮਹੱਤਵਪੂਰਣ ਸ਼ਖਸੀਅਤਾਂ ਦੇ ਖਾਤਿਆਂ ਨੂੰ ਬੰਦ ਕਰਨ ਦੀ ਵਧੇਰੇ ਗੁੰਝਲਦਾਰ ਪ੍ਰਕਿਰਿਆ ਹੈ, ਜਿਸ ਕਰਕੇ ਇੱਕ ਅਧਿਕਾਰਤ ਪ੍ਰਕਿਰਿਆ ਆਰੰਭੀ ਗਈ ਸੀ। ਉਨ੍ਹਾਂ ਕਿਹਾ ਕਿ ਚੀਨੀਆਂ ਨੂੰ ਇਸ ਦੇ ਕਾਰਨਾਂ ਦਾ ਪਤਾ ਸੀ ਜਿਸ ਕਾਰਨ ਇਸ ਸਬੰਧੀ ਮਨਜ਼ੂਰੀ ਮਿਲਣ ਵਿੱਚ ਦੇਰੀ ਹੋਈ ਹੈ। ਪ੍ਰਧਾਨ ਮੰਤਰੀ ਦੀਆਂ ਵੇਬੋ ਉੱਤੇ 115 ਪੋਸਟਾਂ ਸਨ ਤੇ ਉਨ੍ਹਾਂ ਨੂੰ ਇਕ ਇਕ ਕਰ ਕੇ ਹਟਾਉਣ ਦਾ ਫੈਸਲਾ ਕੀਤਾ ਗਿਆ ਸੀ ਅਤੇ ਭਾਰੀ ਕੋਸ਼ਿਸ਼ਾਂ ਬਾਅਦ 113 ਪੋਸਟਾਂ ਨੂੰ ਹਟਾ ਦਿੱਤਾ ਗਿਆ ਸੀ। ਦੋ ਪੋਸਟਾਂ ਉਹ ਸਨ ਜਿਨ੍ਹਾਂ ਵਿੱਚ ਮੋਦੀ ਨੇ ਚੀਨੀ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਨਾਲ ਫੋਟੋਆਂ ਰੱਖੀਆਂ ਹੋਈਆਂ ਸਨ। ਵੇਬੋ ’ਤੇ ਉਨ੍ਹਾਂ ਪੋਸਟਾਂ ਨੂੰ ਹਟਾਉਣਾ ਮੁਸ਼ਕਲ ਹੈ ਜਿਨ੍ਹਾਂ ਵਿੱਚ ਸ਼ੀ ਦੀਆਂ ਤਸਵੀਰਾਂ ਹਨ। ਸੂਤਰਾਂ ਅਨੁਸਾਰ ਹੁਣ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਗਈਆਂ ਹਨ।
ਭਾਜਪਾ ਦੇ ਆਈ ਟੀ ਵਿੰਗ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਕਿ ਵੇਬੋ ਨੂੰ ਛੱਡਣ ਦੇ ਮੋਦੀ ਦੇ ਫੈਸਲੇ ਨਾਲ ਇਕ ‘ਸਖ਼ਤ ਤੇ ਸਪਸ਼ਟ ਸੰਦੇਸ਼’ ਦਿੱਤਾ ਗਿਆ ਹੈ ਕਿ ਜੇ ਲਾਲ ਲਕੀਰ ਨੂੰ ਪਾਰ ਕੀਤਾ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣਗੇ ਪੈਣਗੇ।