ਨਵੀਂ ਦਿੱਲੀ, 18 ਅਪਰੈਲ
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦੇਸ਼ ’ਚ ਕੋਵਿਡ-19 ਸੰਕਟ ਬਾਰੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਮਹਾਮਾਰੀ ਨਾਲ ਨਜਿੱਠਣ ਲਈ ਟੀਕਾਕਰਨ ’ਚ ਤੇਜ਼ੀ ਲਿਆਉਣਾ ਮਹੱਤਵਪੂਰਨ ਹੋਵੇਗਾ। ਉਨ੍ਹਾਂ ਐੱਚਆਈਵੀ/ਏਡਜ਼ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਵਾਂਗ ਵੈਕਸੀਨ ਲਈ ਲੋੜੀਂਦੀ ਲਾਇਸੈਂਸਿੰਗ ਵਿਵਸਥਾ ਲਾਗੂ ਕਰਨ ਸਮੇਤ ਹੋਰ ਸੁਝਾਅ ਪ੍ਰਧਾਨ ਮੰਤਰੀ ਨੂੰ ਦਿੱਤੇ ਹਨ। ਕਾਂਗਰਸ ਦੇ ਸੀਨੀਅਰ ਆਗੂ ਨੇ ਸ੍ਰੀ ਮੋਦੀ ਨੂੰ ਲਿਖੀ ਚਿੱਠੀ ’ਚ ਕਿਹਾ ਹੈ ਕਿ ਸਿਰਫ਼ ਕੁੱਲ ਗਿਣਤੀ ਨੂੰ ਨਹੀਂ ਦੇਖਣਾ ਚਾਹੀਦਾ ਹੈ ਸਗੋਂ ਕਿੰਨੀ ਫ਼ੀਸਦ ਆਬਾਦੀ ਨੂੰ ਟੀਕਾ ਲੱਗ ਚੁੱਕਿਆ ਹੈ, ਉਸ ਨੂੰ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਸਹੀ ਨੀਤੀ ਨਾਲ ਇਸ ਦਿਸ਼ਾ ਵੱਲ ਬਿਹਤਰ ਢੰਗ ਅਤੇ ਬਹੁਤ ਤੇਜ਼ੀ ਨਾਲ ਅੱਗੇ ਵਧਿਆ ਜਾ ਸਕਦਾ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਸੂਬਿਆਂ ਨੂੰ ਟੀਕਾਕਰਨ ਲਈ ਮੋਹਰੀ ਕਤਾਰ ਦੇ (ਫਰੰਟਲਾਈਨ) ਵਰਕਰਾਂ ਦੇ ਵਰਗ ਤੈਅ ਕਰਨ ’ਚ ਕੁਝ ਢਿੱਲ ਮਿਲਣੀ ਚਾਹੀਦੀ ਹੈ ਤਾਂ ਕਿ ਜੇ ਉਹ 45 ਸਾਲ ਤੋਂ ਘੱਟ ਉਮਰ ਦੇ ਵੀ ਹਨ ਤਾਂ ਵੀ ਉਨ੍ਹਾਂ ਨੂੰ ਟੀਕਾ ਲੱਗ ਸਕੇ। ਮਨਮੋਹਨ ਸਿੰਘ ਨੇ ਕਿਹਾ ਕਿ ਕੁਝ ਸੂਬੇ ਸਕੂਲ ਅਧਿਆਪਕਾਂ, ਬੱਸ, ਥ੍ਰੀ-ਵ੍ਹੀਲਰ ਅਤੇ ਟੈਕਸੀ ਡਰਾਈਵਰਾਂ, ਨਗਰ ਨਿਗਮ ਤੇ ਪੰਚਾਇਤ ਕਰਮੀਆਂ ਅਤੇ ਵਕੀਲਾਂ ਨੂੰ ਫਰੰਟਲਾਈਨ ਯੋਧਿਆਂ ਦੇ ਵਰਗ ’ਚ ਸੂਚੀਬੱਧ ਕਰਨਾ ਚਾਹੁੰਦੇ ਹਨ ਅਤੇ ਅਜਿਹੇ ’ਚ ਉਨ੍ਹਾਂ ਦੀ ਉਮਰ 45 ਸਾਲ ਤੋਂ ਘੱਟ ਹੋਣ ’ਤੇ ਵੀ ਟੀਕਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅਗਲੇ ਛੇ ਮਹੀਨਿਆਂ ਦੇ ਟੀਕਿਆਂ ਦੀ ਖੁਰਾਕ ਦੇ ਆਰਡਰ ਅਤੇ ਸਪਲਾਈ ਬਾਰੇ ਜਾਣਕਾਰੀ ਜਨਤਕ ਕਰਨੀ ਚਾਹੀਦੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਕੇਂਦਰ ਸਰਕਾਰ ਹੰਗਾਮੀ ਲੋੜਾਂ ਲਈ 10 ਫ਼ੀਸਦ ਖੁਰਾਕ ਰੱਖ ਸਕਦੀ ਹੈ ਅਤੇ ਸੂਬਿਆਂ ਨੂੰ ਸੰਭਾਵਿਤ ਉਪਲੱਬਧਤਾ ਦਾ ਸਪੱਸ਼ਟ ਸੰਕੇਤ ਦੇਣਾ ਚਾਹੀਦਾ ਹੈ ਤਾਂ ਜੋ ਉਹ ਆਪਣੀ ਯੋਜਨਾ ਤਿਆਰ ਕਰ ਸਕਣ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ’ਚ ਸਭ ਤੋਂ ਵੱਡਾ ਵੈਕਸੀਨੇਸ਼ਨ ਨਿਰਮਾਤਾ ਬਣ ਕੇ ਉੱਭਰਿਆ ਹੈ ਅਤੇ ਸਰਕਾਰ ਨੂੰ ਵੈਕਸੀਨ ਨਿਰਮਾਤਾਵਾਂ ਨੂੰ ਫੰਡ ਅਤੇ ਹੋਰ ਰਿਆਇਤਾਂ ਦੇ ਕੇ ਉਨ੍ਹਾਂ ਦੀ ਉਤਪਾਦਨ ਸਮਰੱਥਾ ਤੇਜ਼ੀ ਨਾਲ ਵਧਾਉਣ ਲਈ ਹਮਾਇਤ ਦੇਣੀ ਚਾਹੀਦੀ ਹੈ। ਇਜ਼ਰਾਈਲ ਦੀ ਮਿਸਾਲ ਦਿੰਦਿਆਂ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵੀ ਇਹ ਕੰਮ ਬਹੁਤ ਤੇਜ਼ੀ ਨਾਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਯੂਰੋਪੀਅਨ ਮੈਡੀਕਲ ਏਜੰਸੀ ਜਾਂ ਯੂਐੱਸਐੱਫਡੀਏ ਜਿਹੀਆਂ ਏਜੰਸੀਆਂ ਤੋਂ ਪ੍ਰਵਾਨਿਤ ਵੈਕਸੀਨ ਦੀ ਦਰਾਮਦ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਹਾਂ-ਪੱਖੀ ਸਹਿਯੋਗ ਦੀ ਭਾਵਨਾ ਨਾਲ ਇਹ ਸੁਝਾਅ ਦੇ ਰਹੇ ਹਨ ਜਿਨ੍ਹਾਂ ’ਤੇ ਉਹ ਹਮੇਸ਼ਾ ਭਰੋਸਾ ਕਰਦੇ ਆਏ ਹਨ। ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਉਮੀਦ ਜਤਾਈ ਕਿ ਸਰਕਾਰ ਇਨ੍ਹਾਂ ਸੁਝਾਵਾਂ ਨੂੰ ਮੰਨੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵਧੀਆ ਸੁਝਾਵਾਂ ਨੂੰ ਮੰਨਦੀ ਹੈ ਜਾਂ ਨਹੀਂ, ਇਹ ਚਿੱਠੀ ’ਤੇ ਉਸ ਦੀ ਕਾਰਵਾਈ ਤੋਂ ਪਤਾ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਹ ਵੀ ਪਤਾ ਲੱਗ ਜਾਵੇਗਾ ਕਿ ਕੀ ਸਰਕਾਰ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਗੰਭੀਰ ਹੈ ਜਾਂ ਨਹੀਂ। -ਪੀਟੀਆਈ