ਨਵੀਂ ਦਿੱਲੀ: ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅਫ਼ਗ਼ਾਨਿਸਤਾਨ ਦੇ ਮੌਜੂਦਾ ਹਾਲਾਤ ਦੇ ਹਵਾਲੇ ਨਾਲ ਅੱਜ ਕਿਹਾ ਕਿ ਉਸ ਦਾ ਸਾਰਾ ਧਿਆਨ ਇਸ ਵੇਲੇ ਇਹ ਯਕੀਨੀ ਬਣਾਉਣ ’ਤੇ ਹੈ ਕਿ ਅਫ਼ਗ਼ਾਨ ਧਰਤੀ ਨੂੰ ਉਸ ਖ਼ਿਲਾਫ਼ ਦਹਿਸ਼ਤੀ ਸਰਗਰਮੀਆਂ ਲਈ ਨਾ ਵਰਤਿਆ ਜਾਵੇ। ਚੇਤੇ ਰਹੇ ਕਿ ਕਤਰ ਵਿੱਚ ਭਾਰਤ ਦੇ ਰਾਜਦੂਤ ਦੀਪਕ ਮਿੱਤਲ ਨੇ ਦੋਹਾ ਵਿੱਚ ਤਾਲਿਬਾਨ ਦੇ ਸਿਖਰਲੇ ਆਗੂ ਨਾਲ ਗੱਲਬਾਤ ਕਰਕੇ ਤਾਲਿਬਾਨ ਦੇ ਨਵੇਂ ਹਾਕਮਾਂ ਨਾਲ ਸੰਵਾਦ ਦਾ ਅਮਲ ਸ਼ੁਰੂ ਕੀਤਾ ਸੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਨੇ ਦੋਹਾ ਵਿੱਚ ਹੋਈ ਮੀਟਿੰਗ ਦੌਰਾਨ ਤਾਲਿਬਾਨ ਆਗੂ ਅੱਗੇ ਆਪਣੇ ਫ਼ਿਕਰ ਰੱਖਦਿਆਂ ਸਾਫ਼ ਕਰ ਦਿੱਤਾ ਸੀ ਕਿ ਅਫ਼ਗ਼ਾਨ ਧਰਤੀ ਨੂੰ ਭਾਰਤ ਵਿਰੋਧੀ ਸਰਗਰਮੀਆਂ ਲਈ ਨਾ ਵਰਤਣ ਦਿੱਤਾ ਜਾਵੇ ਅਤੇ ਉਥੇ ਫਸੇ ਭਾਰਤੀਆਂ ਤੇ ਦੇਸ਼ ਛੱਡਣ ਦੇ ਇੱਛੁਕ ਅਫ਼ਗਾਨ ਸਿੱਖਾਂ ਤੇ ਹਿੰਦੂਆਂ ਨੂੰ ਤਰਜੀਹੀ ਅਧਾਰ ’ਤੇ ਸੁਰੱਖਿਅਤ ਕੱਢਿਆ ਜਾਵੇ। ਤਾਲਿਬਾਨ ਨੂੰ ਮਾਨਤਾ ਦੇਣ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਬਾਗਚੀ ਨੇ ਕਿਹਾ, ‘‘ਇਹ ਸਿਰਫ਼ ਮੀਟਿੰਗ ਸੀ। ਮੈਨੂੰ ਲਗਦਾ ਹੈ ਕਿ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।’’ ਭਵਿੱਖ ਵਿੱਚ ਤਾਲਿਬਾਨ ਨਾਲ ਹੋਰ ਮੀਟਿੰਗਾਂ ਬਾਰੇ ਪੁੱਛੇ ਜਾਣ ’ਤੇ ਤਰਜਮਾਨ ਨੇ ਕਿਹਾ, ‘‘ਮੈਂ ਭਵਿੱਖ ਨੂੰ ਲੈ ਕੇ ਕੋਈ ਪੇਸ਼ੀਨਗੋਈ ਨਹੀਂ ਕਰਨਾ ਚਾਹੁੰਦਾ। ਮੇਰੇ ਕੋਲ ਹਾਲ ਦੀ ਘੜੀ ਸਾਂਝਿਆਂ ਕਰਨ ਲਈ ਕੁਝ ਨਹੀਂ ਹੈ।’’ -ਪੀਟੀਆਈ