ਨਵੀਂ ਦਿੱਲੀ, 12 ਜੂਨ
ਭਾਜਪਾ ਨੇ ਰਾਸ਼ਟਰਪਤੀ ਚੋਣਾਂ ਲਈ ਦੇਸ਼ ਦੀਆਂ ਹੋਰਨਾਂ ਸਿਆਸੀ ਪਾਰਟੀਆਂ ਨਾਲ ਗੱਲਬਾਤ ਕਰਨ ਲਈ ਪਾਰਟੀ ਮੁਖੀ ਜੇ.ਪੀ. ਨੱਢਾ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਅਧਿਕਾਰ ਦਿੱਤੇ ਹਨ। ਭਾਜਪਾ ਦੇ ਜਨਰਲ ਸਕੱਤਰ ਅਰੁਣ ਸਿੰਘ ਨੇ ਅੱਜ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੇ.ਪੀ. ਨੱਢਾ ਅਤੇ ਰਾਜਨਾਥ ਸਿੰਘ ਕੌਮੀ ਜਮਹੂਰੀਅਤ ਗਠਜੋੜ (ਐੱਨਡੀਏ) ਅਤੇ ਸਾਂਝਾ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਦੀਆਂ ਭਾਈਵਾਲ ਸਿਆਸੀ ਪਾਰਟੀਆਂ, ਆਜ਼ਾਦ ਤੌਰ ’ਤੇ ਚੁਣੇ ਗਏ ਸੰਸਦ ਮੈਂਬਰਾਂ ਅਤੇ ਹੋਰਨਾਂ ਸਿਆਸੀ ਦਲਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨਗੇ। ਜ਼ਿਕਰਯੋਗ ਹੈ ਕਿ ਦੇਸ਼ ਦੇ ਸਰਬੋਤਮ ਸੰਵਿਧਾਨਕ ਅਹੁਦੇ ਦੀ ਚੋਣ ਲਈ ਆਮ ਸਹਿਮਤੀ ਬਣਾਉਣ ਲਈ ਦੇਸ਼ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਤਰਫੋਂ ਇਕ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਜਪਾ ਦੇ ਸੂਤਰਾਂ ਅਨੁਸਾਰ ਦੋਵੇਂ ਆਗੂ ਜਲਦੀ ਹੀ ਸਿਆਸੀ ਪਾਰਟੀਆਂ ਨਾਲ ਗੱਲਬਾਤ ਸ਼ੁਰੂ ਕਰਨਗੇ। ਵਰ੍ਹਾ 2017 ਵਿੱਚ ਵਿਰੋਧੀ ਦਲਾਂ ਨੇ ਰਾਸ਼ਟਰਪਤੀ ਚੋਣਾਂ ਦੌਰਾਨ ਭਾਜਪਾ ’ਤੇ ਅੰਤਿਮ ਸਮੇਂ ਵਿੱਚ ਸੰਪਰਕ ਕਰਨ ਦਾ ਦੋਸ਼ ਲਗਾਇਆ ਸੀ ਕਿਉਂਕਿ ਭਾਜਪਾ ਨੇ ਰਾਸ਼ਟਰਪਤੀ ਪਦ ਦੇ ਉਮੀਦਵਾਰ ਵਜੋਂ ਰਾਮ ਨਾਥ ਕੋਵਿੰਦ ਦੇ ਨਾਂ ਨੂੰ ਅੰਤਿਮ ਰੂਪ ਦੇ ਦਿੱਤਾ ਸੀ। ਵਿਰੋਧੀ ਦਲਾਂ ਨੇ ਮੀਰਾ ਕੁਮਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ ਜੋ ਕਿ ਰਾਮ ਨਾਥ ਕੋਵਿੰਦ ਤੋਂ ਹਾਰ ਗਈ ਸੀ। ਹੁਣ ਨਵੇਂ ਰਾਸ਼ਟਰਪਤੀ ਦੀ ਚੋਣ ਲਈ 18 ਜੁਲਾਈ ਨੂੰ ਵੋਟਾਂ ਪੈਣਗੀਆਂ ਤੇ ਵੋਟਾਂ ਦੀ ਗਿਣਤੀ 21 ਜੁਲਾਈ ਨੂੰ ਹੋਵੇਗੀ। -ਏਜੰਸੀ