ਨਵੀਂ ਦਿੱਲੀ/ਰਾਏਰੰਗਪੁਰ, 22 ਜੂਨ
ਮੁੱਖ ਅੰਸ਼
- ਮੁਰਮੂ ਭਲਕੇ ਦਾਖ਼ਲ ਕਰ ਸਕਦੇ ਹਨ ਨਾਮਜ਼ਦਗੀ
- ਪ੍ਰਧਾਨ ਮੰਤਰੀ ਸਣੇ ਹੋਰ ਕਈ ਸੀਨੀਅਰ ਆਗੂ ਰਹਿਣਗੇ ਮੌਜੂਦ
-
ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਮੰਦਰ ’ਚ ਮੱਥਾ ਟੇਕਿਆ
ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਵੱਲੋਂ ਦਰੋਪਦੀ ਮੁਰਮੂ (64) ਨੂੰ ਰਾਸ਼ਟਰਪਤੀ ਚੋਣਾਂ ਵਿੱਚ ਆਪਣਾ ਉਮੀਦਵਾਰ ਐਲਾਨੇ ਜਾਣ ਤੋਂ ਇਕ ਦਿਨ ਮਗਰੋਂ ਕੇਂਦਰ ਸਰਕਾਰ ਨੇ ਕਬਾਇਲੀ ਮਹਿਲਾ ਆਗੂ ਨੂੰ ਸੀਆਰਪੀਐੱਫ ਕਮਾਂਡੋਜ਼ ਦੀ ਜ਼ੈੱਡ ਪਲੱਸ ਸੁਰੱਖਿਆ ਦੇ ਦਿੱਤੀ ਹੈ। ਉਧਰ ਐੱਨਡੀਏ ਦੀ ਰਾਸ਼ਟਰਪਤੀ ਉਮੀਦਵਾਰ ਦਰੌਪਦੀ ਮੁਰਮੂ ਨੇ ਦਿੱਲੀ ਦੀ ਆਪਣੀ ਫੇਰੀ ਤੋਂ ਪਹਿਲਾਂ ਅੱਜ ਇਥੇ ਵੱਡੇ ਤੜਕੇ ਮਯੂਰਭੰਜ ਜ਼ਿਲ੍ਹੇ ਵਿੱਚ ਆਪਣੇ ਘਰ ਨੇੜਲੇ ਸ਼ਿਵ ਮੰਦਰ ਵਿੱਚ ਮੱਥਾ ਟੇਕਿਆ। ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਮਗਰੋਂ ਹਥਿਆਰਬੰਦ ਟੁਕੜੀ ਨੇ ਅੱਜ ਸਵੇਰੇ ਮੁਰਮੂ ਦੀ ਸੁਰੱਖਿਆ ਆਪਣੇ ਹੱਥਾਂ ਵਿੱਚ ਲੈ ਲਈ। ਉੜੀਸਾ ਅਧਾਰਿਤ ਨੀਮ ਫੌਜੀ ਬਲ ਦੀ ਟੁਕੜੀ ਵਿੱਚ 14-16 ਤੋਂ ਜਵਾਨ ਸ਼ਾਮਲ ਹੋਣਗੇ, ਜੋ ਮੁਰਮੂ ਦੇ ਨਾਲ ਨਾਲ ਰਹਿਣਗੇ। ਸੁਰੱਖਿਆ ਅਮਲਾ ਮੁਰਮੂ ਦੇ ਉੜੀਸਾ ਦੇ ਰਾਏਰੰਗਪੁਰ ਵਿਚਲੇ ਘਰ ਦੀ ਸੁਰੱਖਿਆ ਵੀ ਯਕੀਨੀ ਬਣਾਏਗਾ। ਇਸ ਦੌਰਾਨ ਦਰੌਪਦੀ ਮੁਰਮੂ 24 ਜੂਨ ਨੂੰ ਆਪਣੀ ਨਾਮਜ਼ਦਗੀ ਦਾਖ਼ਲ ਕਰ ਸਕਦੇ ਹਨ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਰਹਿਣਗੇ। ਵਿਰੋਧੀ ਧਿਰਾਂ ਵੱਲੋਂ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਐੱਨਡੀਏ ਉਮੀਦਵਾਰ ਮੁਰਮੂ ਨੂੰ ਟੱਕਰ ਦੇਣਗੇ। ਰਾਸ਼ਟਰਪਤੀ ਚੋਣ 18 ਜੁਲਾਈ ਨੂੰ ਹੋਣੀ ਹੈ ਜਦੋਂਕਿ ਨਤੀਜੇ 21 ਜੁਲਾਈ ਨੂੰ ਐਲਾਨੇ ਜਾਣਗੇ। ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖ਼ਤਮ ਹੋਣਾ ਹੈ। ਸੂਤਰਾਂ ਨੇ ਕਿਹਾ ਕਿ ਕਬਾਇਲੀ ਆਗੂ ਦਰੋਪਦੀ ਮੁਰਮੂ ਵੱਲੋਂ ਨਾਮਜ਼ਦਗੀ ਦਾਖ਼ਲ ਕਰਨ ਮੌਕੇ ਪ੍ਰਧਾਨ ਮੰਤਰੀ, ਕਈ ਕੇਂਦਰੀ ਮੰਤਰੀ ਤੇ ਮੁੱਖ ਮੰਤਰੀ, ਅਤੇ ਬੀਜੂ ਜਨਤਾ ਦਲ ਜਿਹੀਆਂ ਕਈ ਹਮਾਇਤੀ ਪਾਰਟੀਆਂ ਦੇ ਅਹਿਮ ਆਗੂ ਹਾਜ਼ਰ ਹੋਣਗੇ। ਸੂੂਤਰਾਂ ਨੇ ਦਾਅਵਾ ਕੀਤਾ ਕਿ ਮੁਰਮੂ ਦੇ ਨਾਮਜ਼ਦਗੀ ਫਾਰਮ ’ਤੇ ਪ੍ਰਧਾਨ ਮੰਤਰੀ ਪਹਿਲੇ ਪ੍ਰਪੋਜ਼ਰ (ਤਜਵੀਜ਼ਕਾਰ) ਵਜੋਂ ਸਹੀ ਪਾ ਸਕਦੇ ਹਨ। ਰਾਸ਼ਟਰਪਤੀ ਚੋਣਾਂ ਵਿੱਚ ਖੜ੍ਹਨ ਵਾਲੇ ਉਮੀਦਵਾਰ ਨੂੰ ਆਪਣੀ ਨਾਮਜ਼ਦਗੀ ਲਈ 50 ਤਜਵੀਜ਼ਕਾਰਾਂ ਤੇ ਇਸ ਤਜਵੀਜ਼ ਦੀ ਤਾਈਦ ਕਰਨ ਵਾਲੇ 50 ਸੈਕਿੰਡਰਾਂ ਦੀ ਲੋੜ ਹੁੰਦੀ ਹੈ।
ਭਾਜਪਾ ਵਿਚਲੇ ਸੂਤਰਾਂ ਨੇ ਕਿਹਾ ਕਿ ਮੁਰਮੂ ਦੀ ਹਮਾਇਤ ਵਿੱਚ ਨਾਮਜ਼ਦਗੀਆਂ ਦੇ ਘੱਟੋ-ਘੱਟ ਚਾਰ ਸੈੱਟ ਦਾਖ਼ਲ ਕੀਤੇ ਜਾਣਗੇ। ਉਧਰ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਨੇ ਚੋਣ ਅਮਲ ਵਿੱਚ ਸ਼ਾਮਲ ਪਾਰਟੀ ਆਗੂਆਂ ਨਾਲ ਮੀਟਿੰਗ ਕੀਤੀ ਹੈ। -ਪੀਟੀਆਈ
‘ਰਬੜ ਦੀ ਮੋਹਰ’ ਵਾਲਾ ਰਾਸ਼ਟਰਪਤੀ ਦੇਸ਼ ਲਈ ਕਿਸੇ ਕੰਮ ਦਾ ਨਹੀਂ: ਸਿਨਹਾ
ਨਵੀਂ ਦਿੱਲੀ: ਰਾਸ਼ਟਰਪਤੀ ਚੋਣਾਂ ਵਿੱਚ ਵਿਰੋਧੀ ਧਿਰਾਂ ਦੇ ਉਮੀਦਵਾਰ ਵਜੋਂ ਮੈਦਾਨ ਵਿੱਚ ਨਿੱਤਰੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੇ ਅੱਜ ਇਥੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਦਫ਼ਤਰ ਵਿੱਚ ਆਪਣੀ ਚੋਣ ਮੁਹਿੰਮ ਬਾਰੇ ਰਣਨੀਤੀ ਘੜਨ ਲਈ ਪਲੇਠੀ ਮੀਟਿੰਗ ਕੀਤੀ। ਸਿਨਹਾ ਨੇ ਕਿਹਾ ਕਿ ‘ਰਬੜ ਦੀ ਮੋਹਰ ਵਾਲਾ ਰਾਸ਼ਟਰਪਤੀ’ ਦੇਸ਼ ਲਈ ਕਿਸੇ ਕੰਮ ਨਹੀਂ ਆਏਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਨਹਾ ਨੇ ਕਿਹਾ ਕਿ ਰਾਸ਼ਟਰਪਤੀ ਚੋਣ ਕਿਸੇ ਵਿਅਕਤੀ ਵਿਸ਼ੇਸ਼ ਦੀ ਲੜਾਈ ਨਹੀਂ, ਬਲਕਿ ਦੇਸ਼ ਨੂੰ ਦਰਪੇਸ਼ ਮਸਲਿਆਂ ਦੀ ਲੜਾਈ ਹੈ। ਸਿਨਹਾ ਆਪਣੀ ਨਾਮਜ਼ਦਗੀ 27 ਜੂਨ ਨੂੰ ਦਾਖ਼ਲ ਕਰਨਗੇ ਤੇ ਉਹ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਝਾਰਖੰਡ ਤੇ ਬਿਹਾਰ ਤੋਂ ਕਰ ਸਕਦੇ ਹਨ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, ‘‘ਰਾਸ਼ਟਰਪਤੀ ਚੋਣਾਂ ਵਿੱਚ ਮੌਕਾ ਦੇਣ ਲਈ ਮੈਂ ਸਾਰੀਆਂ ਸਿਆਸੀ ਪਾਰਟੀਆਂ ਦਾ ਧੰਨਵਾਦੀ ਹਾਂ। ਮੈਨੂੰ ਖ਼ੁਸ਼ੀ ਹੈ ਕਿ ਇਨ੍ਹਾਂ ਸਿਆਸੀ ਪਾਰਟੀਆਂ ਨੇ ਮੇਰੇ ਵਿੱਚ ਇੰਨਾ ਇਤਬਾਰ ਵਿਖਾਇਆ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਚੋਣਾਂ ਮੇਰੇ ਲਈ ਵਿਅਕਤੀ ਵਿਸ਼ੇਸ਼ ਦੀ ਲੜਾਈ ਨਹੀਂ ਹੈ। ਦੇਸ਼ ਨੂੰ ਇਸ ਵੇਲੇ ਕਈ ਮਸਲੇ ਦਰਪੇਸ਼ ਹਨ, ਜਿਸ ਬਾਰੇ ਇਲੈਕਟੋਰਲ ਕਾਲਜ ਨੇ ਫੈਸਲਾ ਲੈਣਾ ਹੈ।’’ ਸਿਨਹਾ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਜਿਸ ਰਾਹ ’ਤੇ ਚੱਲ ਰਹੀ ਹੈ, ਉਹ ਦੇਸ਼ ਲਈ ਠੀਕ ਨਹੀਂ ਹੈ। ਨੌਜਵਾਨ ਦੁੱਖ ਤਕਲੀਫਾਂ ਹੰਢਾ ਰਹੇ ਹਨ ਤੇ ਹੁਣ ਸਰਕਾਰ ਨੇ ਅਗਨੀਪਥ ਸਕੀਮ ਤਹਿਤ ਫ਼ੌਜ ਵਿੱਚ ਭਰਤੀ ਲਈ ਬੇਰਜ਼ੁਗਾਰਾਂ ਨਾਲ ਜਿਹੜਾ ‘ਮਜ਼ਾਕ’ ਕੀਤਾ ਹੈ, ਸਾਰੇ ਦੇਸ਼ ਨੇ ਸਰਕਾਰ ਖਿਲਾਫ਼ ਬਾਂਹਾਂ ਚੁੱਕ ਲਈਆਂ ਹਨ। ਉਨ੍ਹਾਂ ਕਿਹਾ, ‘‘ਰਾਸ਼ਟਰਪਤੀ ਦਾ ਅਹੁਦਾ ਬਹੁਤ ਸੰਵੇਦਨਸ਼ੀਲ ਹੁੰਦਾ ਹੈ ਤੇ ਮੈਂ ਸਰਕਾਰ ਦੇ ਦਬਾਅ ਹੇਠ ਨਹੀਂ ਆਵਾਂਗਾ।’’ ਸਿਨਹਾ ਨੇ ਐੱਨਡੀਏ ਉਮੀਦਵਾਰ ਧਰੌਪਦੀ ਮੁਰਮੂ ਨੂੰ ਵਧਾਈ ਦਿੰਦਿਆਂ ਕਿਹਾ, ‘‘ਇਹ ਮੇਰੀ ਤੇ ਉਨ੍ਹਾਂ ਦੇ ਵਿਚਕਾਰ ਦੀ ਲੜਾਈ ਨਹੀਂ, ਇਹ ਵਿਚਾਰਧਾਰਕ ਮੁਕਾਬਲਾ ਹੈ, ਸਾਨੂੰ ਰਬੜ ਦੀ ਮੋਹਰ ਵਾਲੇ ਰਾਸ਼ਟਰਪਤੀ ਦੀ ਲੋੜ ਨਹੀਂ ਹੈ।’’ -ਪੀਟੀਆਈ