ਨਵੀਂ ਦਿੱਲੀ, 21 ਜੂਨ
ਕਾਂਗਰਸ, ਤ੍ਰਿਣਮੂਲ ਕਾਂਗਰਸ ਤੇ ਸਮਾਜਵਾਦੀ ਪਾਰਟੀ ਸਣੇ 13 ਵਿਰੋਧੀ ਪਾਰਟੀਆਂ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਹੋਣ ਵਾਲੀ ਚੋਣ ’ਚ ਵਿਰੋਧੀ ਧਿਰ ਦੇ ਉਮੀਦਵਾਰ ਵਜੋਂ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ (84) ਦੇ ਨਾਂ ’ਤੇ ਮੋਹਰ ਲਾ ਦਿੱਤੀ ਹੈ। ਇਸੇ ਦੌਰਾਨ ਭਾਜਪਾ ਦੇ ਸੰਸਦੀ ਬੋਰਡ ਦੀ ਅੱਜ ਇੱਥੇ ਹੋਈ ਬੈਠਕ ਤੋਂ ਬਾਅਦ ਸੱਤਾਧਾਰੀ ਧਿਰ ਐੱਨਡੀਏ ਨੇ ਵੀ ਰਾਸ਼ਟਰਪਤੀ ਚੋਣਾਂ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ।
ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਨੇ ਦਰੌਪਦੀ ਮੁਰਮੂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਜੋ ਕਿ ਝਾਰਖੰਡ ਦੇ ਰਾਜਪਾਲ ਰਹਿ ਚੁੱਕੇ ਹਨ। ਇਸ ਬਾਰੇ ਐਲਾਨ ਅੱਜ ਭਾਜਪਾ ਦੇ ਪ੍ਰਧਾਨ ਜੇਪੀ ਨੱਢਾ ਨੇ ਕੀਤਾ। ਜ਼ਿਕਰਯੋਗ ਹੈ ਕਿ ਮੁਰਮੂ ਉੜੀਸਾ ਨਾਲ ਸਬੰਧਤ ਭਾਜਪਾ ਦੀ ਕਬਾਇਲੀ ਆਗੂ ਹਨ। ਮੁਰਮੂ (64) ਪਹਿਲੀ ਕਬਾਇਲੀ ਮਹਿਲਾ ਹੋਣਗੇ, ਜੋ ਚੁਣੇ ਜਾਣ ਦੀ ਸੂਰਤ ਵਿੱਚ ਇਸ ਸਿਖ਼ਰਲੇ ਸੰਵਿਧਾਨਕ ਅਹੁਦੇ ’ਤੇ ਬੈਠਣਗੇ। ਸੰਸਦੀ ਬੋਰਡ ਦੀ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਕੇਂਦਰੀ ਮੰਤਰੀਆਂ ਅਮਿਤ ਸ਼ਾਹ, ਰਾਜਨਾਥ ਸਿੰਘ ਤੇ ਨਿਤਿਨ ਗਡਕਰੀ, ਭਾਜਪਾ ਪ੍ਰਧਾਨ ਜੇਪੀ ਨੱਢਾ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਹਿੱਸਾ ਲਿਆ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰ ’ਤੇ ਫ਼ੈਸਲਾ ਕਰਨ ਲਈ ਐੱਨਸੀਪੀ ਮੁਖੀ ਸ਼ਰਦ ਪਵਾਰ ਵੱਲੋਂ ਸੱਦੀ ਗਈ ਬੈਠਕ ਵਿਚ ਸੰਸਦ ਭਵਨ ’ਚ ਇਕੱਤਰ ਹੋਏ ਵਿਰੋਧੀ ਧਿਰਾਂ ਦੇ ਆਗੂਆਂ ਨੇ ਸਿਨਹਾ ਦੇ ਨਾਂ ਉਤੇ ਸਹਿਮਤੀ ਜ਼ਾਹਿਰ ਕੀਤੀ। ਕਾਂਗਰਸ ਦੇ ਆਗੂ ਜੈਰਾਮ ਰਮੇਸ਼ ਨੇ ਬੈਠਕ ਤੋਂ ਬਾਅਦ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ, ‘ਸਾਨੂੰ ਇਹ ਐਲਾਨ ਕਰਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਅਸੀਂ ਸਰਬਸੰਮਤੀ ਨਾਲ ਯਸ਼ਵੰਤ ਸਿਨਹਾ ਨੂੰ 18 ਜੁਲਾਈ ਨੂੰ ਹੋਣ ਵਾਲੀ ਚੋਣ ਲਈ ਵਿਰੋਧੀ ਧਿਰਾਂ ਦੇ ਉਮੀਦਵਾਰ ਦੇ ਰੂਪ ਵਿਚ ਚੁਣਿਆ ਹੈ।’ ਬਿਆਨ ਵਿਚ ਕਿਹਾ ਗਿਆ ਕਿ, ‘ਆਪਣੇ ਲੰਮੇ ਜਨਤਕ ਜੀਵਨ ਤੇ ਪ੍ਰਾਪਤੀਆਂ ਨਾਲ ਭਰੇ ਕਰੀਅਰ ਵਿਚ ਸਿਨਹਾ ਨੇ ਵੱਖ-ਵੱਖ ਸਮਰੱਥਾ ਵਿਚ ਇਕ ਕੁਸ਼ਲ ਪ੍ਰਸ਼ਾਸਕ, ਸੰਸਦ ਮੈਂਬਰ ਵਜੋਂ ਕੰਮ ਕੀਤਾ। ਕੇਂਦਰੀ ਵਿੱਤ ਤੇ ਵਿਦੇਸ਼ ਮੰਤਰੀ ਵਜੋਂ ਵੀ ਉਨ੍ਹਾਂ ਦਾ ਯੋਗਦਾਨ ਸ਼ਲਾਘਾਯੋਗ ਰਿਹਾ। ਉਹ ਭਾਰਤ ਦੇ ਧਰਮ ਨਿਰਪੱਖ, ਲੋਕਤੰਤਰਿਕ ਤਾਣੇ-ਬਾਣੇ ਨੂੰ ਕਾਇਮ ਰੱਖਣ ਲਈ ਵਿਸ਼ੇਸ਼ ਤੌਰ ਉਤੇ ਯੋਗ ਹਨ।’ ਜੈਰਾਮ ਰਮੇਸ਼ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਭਾਜਪਾ ਤੇ ਉਸ ਦੇ ਸਹਿਯੋਗੀਆਂ ਤੋਂ ਰਾਸ਼ਟਰਪਤੀ ਦੇ ਰੂਪ ’ਚ ਯਸ਼ਵੰਤ ਸਿਨਹਾ ਦੇ ਸਮਰਥਨ ਦੀ ਅਪੀਲ ਕਰਦੇ ਹਾਂ ਤਾਂ ਇਕ ਇਕ ਯੋਗ ਰਾਸ਼ਟਰਪਤੀ ਨੂੰ ਬਿਨਾਂ ਵਿਰੋਧ ਚੁਣਿਆ ਜਾ ਸਕੇ। ਰਮੇਸ਼ ਨੇ ਵਿਰੋਧੀ ਧਿਰ ਦਾ ਸਾਂਝਾ ਬਿਆਨ ਪੜ੍ਹਦਿਆਂ ਕਿਹਾ ਕਿ ਉਨ੍ਹਾਂ ਨੂੰ ਅਫ਼ਸੋਸ ਹੈ ਕਿ ਮੋਦੀ ਸਰਕਾਰ ਨੇ ਰਾਸ਼ਟਰਪਤੀ ਉਮੀਦਵਾਰ ਬਾਰੇ ਆਮ ਸਹਿਮਤੀ ਬਣਾਉਣ ਲਈ ਕੋਈ ਗੰਭੀਰ ਯਤਨ ਨਹੀਂ ਕੀਤਾ। ਬਿਆਨ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਚੋਣ ਲਈ ਕਾਇਮ ਹੋਈ ਵਿਰੋਧੀ ਦਲਾਂ ਦੀ ਏਕਤਾ ਆਉਣ ਵਾਲੇ ਮਹੀਨਿਆਂ ਵਿਚ ਹੋਰ ਮਜ਼ਬੂਤ ਹੋਵੇਗੀ। ਵੇਰਵਿਆਂ ਮੁਤਾਬਕ ਐੱਨਡੀਏ ਵੱਲੋਂ ਅੱਜ ਅਮਿਤ ਸ਼ਾਹ, ਰਾਜਨਾਥ ਸਿੰਘ ਤੇ ਜੇਪੀ ਨੱਢਾ ਨੇ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨਾਲ ਵੀ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਭਾਜਪਾ ਨਾਇਡੂ ਨੂੰ ਵੀ ਦੇਸ਼ ਦੇ ਇਸ ਚੋਟੀ ਦੇ ਸੰਵਿਧਾਨਕ ਅਹੁਦੇ ਲਈ ਉਮੀਦਵਾਰ ਬਣਾ ਸਕਦੀ ਹੈ। ਦੱਸਣਯੋਗ ਹੈ ਕਿ ਵਿਰੋਧੀ ਧਿਰ ਵੱਲੋਂ ਸਿਨਹਾ ਦਾ ਨਾਂ ਪਵਾਰ, ਗੋਪਾਲਕ੍ਰਿਸ਼ਨ ਗਾਂਧੀ ਤੇ ਫਾਰੂਕ ਅਬਦੁੱਲਾ ਵੱਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਦੀ ਪੇਸ਼ਕਸ਼ ਸਵੀਕਾਰ ਨਾ ਕਰਨ ਤੋਂ ਬਾਅਦ ਸਾਹਮਣੇ ਆਇਆ ਹੈ। ਵਿਰੋਧੀ ਧਿਰਾਂ ਦੀ ਬੈਠਕ ਵਿਚ ਅੱਜ ਐੱਨਸੀਪੀ, ਟੀਐਮਸੀ (ਤ੍ਰਿਣਮੂਲ ਕਾਂਗਰਸ), ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ), ਸੀਪੀਐਮ, ਸਮਾਜਵਾਦੀ ਪਾਰਟੀ (ਸਪਾ), ਐੱਨਸੀ, ਏਆਈਐਮਆਈਐਮ, ਰਾਸ਼ਟਰੀ ਜਨਤਾ ਦਲ ਤੇ ਏਆਈਯੂਡੀਐਫ ਦੇ ਪ੍ਰਤੀਨਿਧੀ ਸ਼ਾਮਲ ਹੋਏ। ਮੀਟਿੰਗ ਵਿਚ ਕਾਂਗਰਸ ਦੇ ਮਲਿਕਾਰਜੁਨ ਖੜਗੇ ਤੇ ਜੈਰਾਮ ਰਮੇਸ਼, ਟੀਐਮਸੀ ਦੇ ਅਭਿਸ਼ੇਕ ਬੈਨਰਜੀ, ਡੀਐਮਕੇ ਤੇ ਤਿਰੁਚੀ ਸਿਵਾ, ਸੀਪੀਐਮ ਦੇ ਸੀਤਾਰਾਮ ਯੇਚੁਰੀ ਤੇ ਸੀਪੀਆਈ ਦੇ ਡੀ. ਰਾਜਾ ਨੇ ਹਿੱਸਾ ਲਿਆ। ਪੰਜ ਖੇਤਰੀ ਦਲ- ਟੀਆਰਐੱਸ, ਬੀਜੇਡੀ, ਆਪ, ਸ਼੍ਰੋਮਣੀ ਅਕਾਲੀ ਦਲ ਤੇ ਵਾਈਐੱਸਆਰਸੀਪੀ ਇਸ ਬੈਠਕ ਤੋਂ ਦੂਰ ਰਹੇ। ਇਨ੍ਹਾਂ ਪਾਰਟੀਆਂ ਨੂੰ ਫਿਲਹਾਲ ਕਿਸੇ ਵੀ ਧੜੇ ਵਿਚ ਨਹੀਂ ਮੰਨਿਆ ਜਾ ਰਿਹਾ। ਰਾਸ਼ਟਰਪਤੀ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ 29 ਜੂਨ ਹੈ ਤੇ ਚੋਣਾਂ 18 ਜੁਲਾਈ ਨੂੰ ਹੋਣਗੀਆਂ। ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨਹਾ ਦੇ ਪੁੱਤਰ ਜੈਅੰਤ ਸਿਨਹਾ ਜੋ ਕਿ ਭਾਜਪਾ ਦੇ ਸੰਸਦ ਮੈਂਬਰ ਵੀ ਹਨ, ਨੇ ਅੱਜ ਕਿਹਾ ਕਿ ਉਹ ਭਾਜਪਾ ਮੈਂਬਰ ਵੱਜੋਂ ਹੀ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨੂੰ ਨਿਭਾਉਣਗੇ। ਜੈਅੰਤ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ‘ਇਕ ਪੁੱਤਰ’ ਵਜੋਂ ਨਾ ਦੇਖਣ ਤੇ ਮੁਕਾਬਲੇ ਨੂੰ ‘ਪਰਿਵਾਰ ਦਾ ਮੁੱਦਾ’ ਨਾ ਬਣਾਉਣ। -ਪੀਟੀਆਈ
ਮਮਤਾ ਤੇ ਅਭਿਸ਼ੇਕ ਬੈਨਰਜੀ ਨੇ ਸਿਨਹਾ ਨੂੰ ਵਧਾਈ ਦਿੱਤੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਰਾਸ਼ਟਰਪਤੀ ਅਹੁਦੇ ਲਈ ਚੋਣ ’ਚ ਵਿਰੋਧੀ ਧਿਰ ਦਾ ਉਮੀਦਵਾਰ ਬਣਨ ’ਤੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੂੰ ਮੁਬਾਰਕਬਾਦ ਦਿੱਤੀ ਤੇ ਉਮੀਦ ਜਤਾਈ ਕਿ ਉਹ ਉਨ੍ਹਾਂ ਕਦਰਾਂ-ਕੀਮਤਾਂ ਦਾ ਰਾਖੀ ਕਰਨਗੇ ਜਿਨ੍ਹਾਂ ਦੀ ਦੇਸ਼ ਤਰਜਮਾਨੀ ਕਰਦਾ ਹੈ। ਤ੍ਰਿਣਮੂਲ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਵੀ ਸਿਨਹਾ ਨੂੰ ਵਧਾਈਆਂ ਦਿੱਤੀਆਂ ਜੋ ਵਿਰੋਧੀ ਧਿਰਾਂ ਦੀ ਬੈਠਕ ਵਿਚ ਪਾਰਟੀ ਵੱਲੋਂ ਸ਼ਾਮਲ ਹੋਏ ਸਨ। ਜ਼ਿਕਰਯੋਗ ਹੈ ਕਿ ਸਾਬਕਾ ਭਾਜਪਾ ਆਗੂ ਸਿਨਹਾ ਪਿਛਲੇ ਸਾਲ ਟੀਐਮਸੀ ਵਿਚ ਸ਼ਾਮਲ ਹੋ ਗਏ ਸਨ। ਇਸ ਤੋਂ ਪਹਿਲਾਂ ਅੱਜ ਯਸ਼ਵੰਤ ਸਿਨਹਾ ਨੇ ਕਿਹਾ ਕਿ ਵਡੇਰੇ ਹਿੱਤਾਂ ਅਤੇ ਵਿਰੋਧੀ ਧਿਰਾਂ ਦੇ ਏਕੇ ਖਾਤਰ ਉਹ ਟੀਐਮਸੀ ਦੇ ‘ਅਹੁਦਿਆਂ ਨੂੰ ਤਿਆਗ ਦੇਣਗੇ’। -ਪੀਟੀਆਈ