ਨਵੀਂ ਦਿੱਲੀ, 29 ਜੂਨ
ਸੁਪਰੀਮ ਕੋਰਟ ਨੇ ਰਾਸ਼ਟਰਪਤੀ ਅਹੁਦੇ ਦੀ ਚੋਣ ਦੇ ਸਬੰਧ ’ਚ ਇਕ ਕਾਨੂੰਨੀ ਯੋਜਨਾ ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਦੋ ਵੱਖੋ ਵੱਖਰੀਆਂ ਅਰਜ਼ੀਆਂ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਕਾਨੂੰਨੀ ਯੋਜਨਾ ਮੁਤਾਬਕ ਰਾਸ਼ਟਰਪਤੀ ਚੋਣ ਦੇ ਕਿਸੇ ਵੀ ਉਮੀਦਵਾਰ ਕੋਲ ਤਜਵੀਜ਼ਕਰਤਾਵਾਂ ਵਜੋਂ ਘੱਟ ਤੋਂ ਘੱਟ 50 ਸੰਸਦ ਮੈਂਬਰਾਂ ਜਾਂ ਵਿਧਾਇਕਾਂ ਅਤੇ ਇੰਨੇ ਹੀ ਤਾਈਦ ਕਰਨ ਵਾਲਿਆਂ ਦੀ ਹਮਾਇਤ ਹੋਣੀ ਚਾਹੀਦੀ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਅਜਿਹੇ ਕੇਸ ਚੋਣਾਂ ਸਮੇਂ ਦਾਖ਼ਲ ਕਰਨਾ ਸਹੀ ਰਵਾਇਤ ਨਹੀਂ ਹੈ। ਜਸਟਿਸ ਸੂਰਿਆਕਾਂਤ ਅਤੇ ਜੇ ਬੀ ਪਰਦੀਵਾਲਾ ਦੇ ਵੈਕੇਸ਼ਨ ਬੈਂਚ ਨੇ ਦਿੱਲੀ ਨਿਵਾਸੀ ਬਮ ਬਮ ਮਹਾਰਾਜ ਨੌਹਟੀਆ ਅਤੇ ਆਂਧਰਾ ਪ੍ਰਦੇਸ਼ ਦੇ ਪ੍ਰਕਾਸਮ ਜ਼ਿਲ੍ਹੇ ਦੇ ਰਹਿਣ ਵਾਲੇ ਡਾਕਟਰ ਐੱਮ ਤਿਰੂਪਤੀ ਰੈੱਡੀ ਦੀਆਂ ਅਰਜ਼ੀਆਂ ’ਤੇ ਸੁਣਵਾਈ ਕੀਤੀ। ਅਰਜ਼ੀਕਾਰਾਂ ਨੇ ਕਿਹਾ ਕਿ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਚੋਣ ਐਕਟ, 1952 ਦੀ ਧਾਰਾ ਬੀ(1)(ਏ) ਕਿਸੇ ਵੀ ਵਿਅਕਤੀ ਨੂੰ ਪ੍ਰਸਤਾਵਕ ਵਜੋਂ 50 ਅਤੇ ਤਾਈਦ ਵਜੋਂ 50 ਜਨ ਪ੍ਰਤੀਨਿਧਾਂ ਦੀ ਹਮਾਇਤ ਹਾਸਲ ਨਾ ਹੋਣ ’ਤੇ ਰਾਸ਼ਟਰਪਤੀ ਚੋਣ ਲੜਨ ਤੋਂ ਰੋਕਦੀ ਹੈ। ਸਾਲ 2007 ਤੋਂ ਰਾਸ਼ਟਰਪਤੀ ਚੋਣ ਲੜਨ ਦੀ ਕੋਸ਼ਿਸ਼ ਕਰ ਰਹੇ ਨੌਹਟੀਆ ਦੀ ਪਟੀਸ਼ਨ ਦਾ ਨਬਿੇੜਾ ਕਰਦਿਆਂ ਬੈਂਚ ਨੇ ਉਨ੍ਹਾਂ ਨੂੰ ‘ਮੌਸਮੀ ਕਾਰਕੁਨ’ ਕਰਾਰ ਦਿੱਤਾ ਜੋ ਹਰ ਪੰਜ ਸਾਲਾਂ ’ਚ ਸਿਖਰਲੇ ਅਹੁਦੇ ’ਤੇ ਚੋਣ ਲੜਨ ਲਈ ਜਾਗ ਜਾਂਦੇ ਹਨ। ਬੈਂਚ ਨੇ ਨੌਹਟੀਆ ਦੇ ਵਕੀਲ ਨੂੰ ਅਰਜ਼ੀ ਵਾਪਸ ਲੈਣ ਲਈ ਕਿਹਾ। ਬੈਂਚ ਨੇ ਕਿਹਾ ਕਿ ਉਹ ਇਸ ਕਾਨੂੰਨੀ ਪੱਖ ’ਤੇ ਕਿਸੇ ਢੁੱਕਵੇਂ ਸਮੇਂ ’ਤੇ ਵਿਚਾਰ ਕਰ ਸਕਦੀ ਹੈ ਜਦੋਂ ਕੋਈ ਮੁੱਦਾ ਬਕਾਇਆ ਨਾ ਪਿਆ ਹੋਵੇ। ਇਸ ਮਗਰੋਂ ਨੌਹਟੀਆ ਨੇ ਅਰਜ਼ੀ ਵਾਪਸ ਲੈ ਲਈ। -ਪੀਟੀਆਈ
ਰਾਸ਼ਟਰਪਤੀ ਚੋਣ ਲਈ 115 ਨਾਮਜ਼ਦਗੀਆਂ ਦਾਖ਼ਲ
ਨਵੀਂ ਦਿੱਲੀ: ਰਾਜ ਸਭਾ ਸਕੱਤਰੇਤ ਨੇ ਦੱਸਿਆ ਕਿ 18 ਜੁਲਾਈ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਲਈ ਨਾਮਜ਼ਦਗੀ ਪੱਤਰ ਭਰਨ ਦੇ ਅੱਜ ਆਖ਼ਰੀ 115 ਨਾਮਜ਼ਦਗੀਆਂ ਦਾਖ਼ਲ ਹੋਈਆਂ। ਨਾਮਜ਼ਦਗੀ ਪੱਤਰਾਂ ਦੀ ਪੜਤਾਲ ਵੀਰਵਾਰ ਨੂੰ ਕੀਤੀ ਜਾਵੇਗੀ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਾਲਿਆਂ ਵਿੱਚ ਐੱਨਡੀਏ ਦੇ ਉਮੀਦਵਾਰ ਦਰੋਪਦੀ ਮੁਰਮੂ ਅਤੇ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨਹਾ ਵੀ ਸ਼ਾਮਲ ਹਨ। ਉਧਰ, ਚੋਣ ਕਮਿਸ਼ਨ ਨੇ ਕਿਹਾ ਕਿ ਉਪ ਰਾਸ਼ਟਰਪਤੀ ਦੀ ਚੋਣ ਛੇ ਅਗਸਤ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ ਵੀ ਇਸੇ ਦਿਨ ਕੀਤੀ ਜਾਵੇਗੀ। ਇਸ ਸਬੰਧੀ ਨੋਟੀਫਿਕੇਸ਼ਨ ਪੰਜ ਜੁਲਾਈ ਨੂੰ ਜਾਰੀ ਕੀਤਾ ਜਾਵੇਗਾ। ਉਪ ਰਾਸ਼ਟਰਪਤੀ ਦੀ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਮਿਤੀ 19 ਜੁਲਾਈ ਹੈ, ਜਦੋਂਕਿ 20 ਜੁਲਾਈ ਨੂੰ ਇਨ੍ਹਾਂ ਦੀ ਪੜਤਾਲ ਕੀਤੀ ਜਾਵੇਗੀ। ਉਮੀਦਵਾਰ 22 ਜੁਲਾਈ ਤੱਕ ਆਪਣਾ ਨਾਮ ਵਾਪਸ ਲੈ ਸਕਣਗੇ। ਮੌਜੂਦਾ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਦਾ ਕਾਰਜਕਾਲ ਦਸ ਅਗਸਤ ਨੂੰ ਸਮਾਪਤ ਹੋ ਰਿਹਾ ਹੈ। -ਪੀਟੀਆਈ