ਨਵੀਂ ਦਿੱਲੀ, 21 ਜੂਨ
ਸੱਤਾਧਾਰੀ ਕੌਮੀ ਜਮਹੂਰੀ ਗੱਠਜੋੜ ਨੇ ਝਾਰਖੰਡ ਦੀ ਸਾਬਕਾ ਰਾਜਪਾਲ ਤੇ ਉੜੀਸਾ ਤੋਂ ਭਾਜਪਾ ਦੀ ਕਬਾਇਲੀ ਆਗੂ ਦਰੌਪਦੀ ਮੁਰਮੂ ਨੂੰ ਰਾਸ਼ਟਰਪਤੀ ਚੋਣਾਂ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਪਾਰਟੀ ਦੇ ਸੰਸਦੀ ਬੋਰਡ ਦੀ ਮੀਟਿੰਗ ਮਗਰੋਂ ਮੁਰਮੂ ਦੇ ਨਾਮ ਦਾ ਐਲਾਨ ਕੀਤਾ। ਮੁਰਮੂ (64) ਪਹਿਲੀ ਕਬਾਇਲੀ ਮਹਿਲਾ ਹੋਣਗੇ, ਜੋ ਚੁਣੇ ਜਾਣ ਦੀ ਸੂਰਤ ਵਿੱਚ ਇਸ ਸਿਖਰਲੇ ਸੰਵਿਧਾਨਕ ਅਹੁਦੇ ’ਤੇ ਬੈਠਣਗੇ। ਇਲੈਕਟੋਰਲ ਵੋਟਾਂ ਦੀ ਮੌਜੂਦਾ ਗਿਣਤੀ ਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਗੱਠਜੋੜ ਉਮੀਦਵਾਰ ਦਾ ਹੱਥ ਉੱਤੇ ਲਗਦਾ ਹੈ। ਇਸ ਤੋਂ ਪਹਿਲਾਂ ਵਿਰੋਧੀ ਧਿਰਾਂ ਨੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ। ਰਾਸ਼ਟਰਪਤੀ ਲਈ ਚੋਣ 18 ਜੁਲਾਈ ਨੂੰ ਹੋਣੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੁਰਮੂ ਕੋਲ ਸ਼ਾਨਦਾਰ ਪ੍ਰਸ਼ਾਸਨ ਚਲਾਉਣ ਦਾ ਤਜਰਬਾ ਹੈ। ਉਹ ਦੇਸ਼ ਲਈ ਮਹਾਨ ਰਾਸ਼ਟਰਪਤੀ ਸਾਬਿਤ ਹੋਣਗੇ। -ਪੀਟੀਆਈ