ਗੁਹਾਟੀ, 6 ਜੁਲਾਈ
ਐੱਨਡੀਏ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦਰੋਪਦੀ ਮੁਰਮੂ ਨੇ ਅਸਾਮ, ਮੇਘਾਲਿਆ ਅਤੇ ਅਰੁਣਾਚਲ ਪ੍ਰਦੇਸ਼ ਦਾ ਦੌਰਾ ਕਰਕੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਤੋਂ ਆਪਣੇ ਲਈ ਵੋਟਾਂ ਮੰਗੀਆਂ। ਉਨ੍ਹਾਂ ਅਸਾਮ ’ਚ ਹੁਕਮਰਾਨ ਭਾਜਪਾ ਅਤੇ ਉਸ ਦੇ ਭਾਈਵਾਲਾਂ ਅਸਮ ਗਣ ਪਰਿਸ਼ਦ (ਏਜੀਪੀ) ਤੇ ਯੂਨਾਈਟਿਡ ਪੀਪਲਜ਼ ਪਾਰਟੀ ਲਬਿਰਲ ( ਯੂਪੀਪੀਐੱਲ) ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨਾਲ ਮੀਟਿੰਗ ਕੀਤੀ। ਭਗਵਾਂ ਪਾਰਟੀ ਦੇ ਅਸਾਮ ਤੋਂ ਲੋਕ ਸਭਾ ਦੇ 9 ਅਤੇ ਰਾਜ ਸਭਾ ’ਚ 4 ਮੈਂਬਰ ਹਨ ਜਦਕਿ ਏਜੀਪੀ ਅਤੇ ਯੂਪੀਪੀਐੱਲ ਦੇ ਉਪਰਲੇ ਸਦਨ ’ਚ ਇਕ-ਇਕ ਮੈਂਬਰ ਹੈ। ਅਸਾਮ ਦੀ 126 ਮੈਂਬਰੀ ਵਿਧਾਨ ਸਭਾ ’ਚ ਹੁਕਮਰਾਨ ਐੱਨਡੀਏ ਦੇ 78 ਵਿਧਾਇਕ ਹਨ। ਏਆਈਯੂਡੀਐੱਫ ਦੇ ਮੁਖੀ ਅਤੇ ਲੋਕ ਸਭਾ ਮੈਂਬਰ ਬਦਰੂਦੀਨ ਅਜਮਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ, ਜਿਸ ਦੇ 15 ਵਿਧਾਇਕ ਹਨ, ਮੁਰਮੂ ਨੂੰ ਹਮਾਇਤ ਦੇਵੇਗੀ। ਉਧਰ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਅਤੇ ਪ੍ਰਤਿਮਾ ਭੌਮਿਕ ਤੇ ਭਾਜਪਾ ਤਰਜਮਾਨ ਸੰਬਿਤ ਪਾਤਰਾ ਦੇ ਨਾਲ ਮੁਰਮੂ ਸ਼ਿਲਾਂਗ ਹਵਾਈ ਅੱਡੇ ’ਤੇ ਉਤਰੀ। ਮੁੱਖ ਮੰਤਰੀ ਮੇਤਬਾਹ ਲਿੰਗਦੋਹ, ਭਾਜਪਾ ਮੰਤਰੀ ਸਨਬੋਰ ਸ਼ੁਲਾਈ, ਭਾਜਪਾ ਵਿਧਾਇਕ ਏ ਅਲ ਹੇਕ ਅਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਈ ਮਾਅਰੀ ਨੇ ਮੁਰਮੂ ਦਾ ਸਵਾਗਤ ਕੀਤਾ। ਸੱਠ ਮੈਂਬਰੀ ਵਿਧਾਨ ਸਭਾ ’ਚ ਭਾਜਪਾ ਦੇ ਦੋ ਵਿਧਾਇਕ ਹਨ ਅਤੇ ਉਹ ਮੇਘਾਲਿਆ ’ਚ ਨੈਸ਼ਨਲ ਪੀਪਲਜ਼ ਪਾਰਟੀ ਦੀ ਅਗਵਾਈ ਹੇਠਲੇ ਹੁਕਮਰਾਨ ਗੱਠਜੋੜ ਦਾ ਹਿੱਸਾ ਹੈ। ਕਾਂਗਰਸ ਤੋਂ ਮੁਅੱਤਲ ਪੰਜ ਵਿਧਾਇਕਾਂ ਵੱਲੋਂ ਵੀ ਮੁਰਮੂ ਦੇ ਪੱਖ ’ਚ ਵੋਟਾਂ ਪਾਏ ਜਾਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਅਰੁਣਾਚਲ ਪ੍ਰਦੇਸ਼ ਦੇ ਦੌਰੇ ਮੌਕੇ ਮੁਰਮੂ ਨੇ ਹੁਕਮਰਾਨ ਭਾਜਪਾ ਅਤੇ ਉਸ ਦੇ ਭਾਈਵਾਲਾਂ ਐੱਨਪੀਪੀ ਤੇ ਜਨਤਾ ਦਲ (ਯੂ) ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਰਾਜਪਾਲ ਬ੍ਰਿਗੇਡੀਅਰ (ਸੇਵਾਮੁਕਤ) ਡਾਕਟਰ ਬੀ ਡੀ ਮਿਸ਼ਰਾ ਨਾਲ ਵੀ ਮੁਲਾਕਾਤ ਕੀਤੀ।