ਨਵੀਂ ਦਿੱਲੀ, 30 ਜੂਨ
ਰਾਸ਼ਟਰਪਤੀ ਚੋਣਾਂ ਲਈ ਦਾਖਲ ਕੀਤੇ ਗਏ ਦਸਤਾਵੇਜ਼ਾਂ ਦੀ ਪੜਤਾਲ ਮਗਰੋਂ ਸਿਰਫ਼ ਐੱਨਡੀਏ ਦੀ ਉਮੀਦਵਾਰ ਦਰੋਪਦੀ ਮੁਰਮੂ ਤੇ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਹੀ ਮੈਦਾਨ ਵਿੱਚ ਰਹਿ ਗਏ ਹਨ। ਰਾਜ ਸਭਾ ਦੇ ਜਨਰਲ ਸਕੱਤਰ ਪੀਸੀ ਮੋਦੀ ਨੇ ਅੱਜ ਇਹ ਜਾਣਕਾਰੀ ਦਿੱਤੀ।
ਰਾਸ਼ਟਰਪਤੀ ਚੋਣਾਂ ਲਈ ਨਿਯੁਕਤ ਕੀਤੇ ਗਏ ਚੋਣ ਅਧਿਕਾਰੀ ਪੀਸੀ ਮੋਦੀ ਨੇ ਦੱਸਿਆ ਕਿ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲਈ ਬੀਤੇ ਦਿਨ ਤੱਕ 94 ਉਮੀਦਵਾਰਾਂ ਦੇ 115 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਜਿਨ੍ਹਾਂ ’ਚੋਂ 107 ਨਾਮਜ਼ਦਗੀਆਂ ਸ਼ਰਤਾਂ ਪੂਰੀਆਂ ਨਾਲ ਹੋਣ ਕਾਰਨ ਰੱਦ ਕਰ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸਿਰਫ਼ ਮੁਰਮੂ ਤੇ ਸਿਨਹਾ (ਦੋਵਾਂ ਦੇ 4-4 ਸੈੱਟ) ਦੇ ਨਾਮਜ਼ਦਗੀ ਪੱਤਰ ਹੀ ਪੜਤਾਲ ਦੌਰਾਨ ਸਹੀ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਚੋਣ ਮੈਦਾਨ ਵਿਚਲੇ ਉਮੀਦਵਾਰਾਂ ਦੀ ਸੂਚੀ 2 ਜੁਲਾਈ ਨੂੰ ਬਾਅਦ ਦੁਪਹਿਰ 3 ਵਜੇ ਜਾਰੀ ਕੀਤੀ ਜਾਵੇਗੀ ਜੋ ਚੋਣ ’ਚੋਂ ਨਾਂ ਵਾਪਸ ਲੈਣ ਦੀ ਆਖਰੀ ਤਾਰੀਕ ਹੈ।
ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਚੋਣ ਐਕਟ ਅਨੁਸਾਰ ਜੇਕਰ ਕਿਸੇ ਉਮੀਦਵਾਰ ਨੂੰ ਇਲੈਕਟੋਰਲ ਕਾਲਜ ਤੋਂ 50 ਤਜਵੀਜ਼ਕਰਤਾਵਾਂ ਤੇ 50 ਤਾਈਦ ਕਰਨ ਵਾਲਿਆਂ ਦੀ ਹਮਾਇਤ ਹਾਸਲ ਨਹੀਂ ਹੁੰਦੀ ਤਾਂ ਉਸ ਦੇ ਕਾਗਜ਼ ਰੱਦ ਕਰ ਦਿੱਤੇ ਜਾਂਦੇ ਹਨ। ਜੇਕਰ ਉਮੀਦਵਾਰ 15 ਹਜ਼ਾਰ ਰੁਪਏ ਦੀ ਜ਼ਮਾਨਤ ਰਾਸ਼ੀ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਵੀ ਉਸ ਦੇ ਕਾਗਜ਼ ਰੱਦ ਕਰ ਦਿੱਤੇ ਜਾਂਦੇ ਹਨ।
ਮੁਰਮੂ ਤੇ ਸਿਨਹਾ ਤੋਂ ਇਲਾਵਾ ਕਈ ਆਮ ਲੋਕਾਂ ਨੇ ਵੀ ਦੇਸ਼ ਦੇ ਸਭ ਤੋਂ ਵੱਡੇ ਸੰਵਿਧਾਨਕ ਅਹੁਦੇ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਨ੍ਹਾਂ ’ਚ ਮੁੰਬਈ ਦੇ ਝੁੱਗੀ-ਝੌਂਪੜੀ ਇਲਾਕੇ ਦਾ ਰਹਿਣ ਵਾਲਾ ਤੇ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਦਾ ਹਮਨਾਮ, ਤਾਮਿਲ ਨਾਡੂ ਦਾ ਇੱਕ ਸਮਾਜਿਕ ਕਾਰਕੁਨ ਤੇ ਦਿੱਲੀ ਦਾ ਇੱਕ ਪ੍ਰੋਫੈਸਰ ਵੀ ਸ਼ਾਮਲ ਹਨ। -ਪੀਟੀਆਈ
ਹਿੰਦੂਤਵ ਨੂੰ ਨਾ ਮੰਨਣ ਵਾਲੀਆਂ ਸਰਕਾਰਾਂ ਸੁਰੱਖਿਅਤ ਨਹੀਂ: ਸਿਨਹਾ
ਚੇਨੱਈ: ਰਾਸ਼ਟਰਪਤੀ ਚੋਣਾਂ ਲਈ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਅੱਜ ਦੋਸ਼ ਲਾਇਆ ਕਿ ਜਿਹੜੀ ਵੀ ਸਰਕਾਰ ਸੰਵਿਧਾਨ ਤੇ ਨਿਰਪੱਖਤਾ ਨੂੰ ਮੰਨਦੀ ਹੈ ਅਤੇ ਹਿੰਦੂਤਵ ’ਚ ਯਕੀਨ ਨਹੀਂ ਰੱਖਦੀ ਉਹ ਇਸ ਦੇਸ਼ ਵਿੱਚ ਸੁਰੱਖਿਅਤ ਨਹੀਂ ਹੈ। ਉਹ ਇੱਥੇ ਡੀਐੱਮਕੇ ਤੇ ਇਸ ਦੇ ਭਾਈਵਾਲਾਂ ਨਾਲ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਡੀਐੱਮਕੇ ਤੇ ਇਸ ਦੀਆਂ ਭਾਈਵਾਲ ਪਾਰਟੀਆਂ ਨੇ ਰਾਸ਼ਟਰਪਤੀ ਚੋਣਾਂ ’ਚ ਯਸ਼ਵੰਤ ਸਿਨਹਾ ਨੂੰ ਹਮਾਇਤ ਦਿੱਤੀ ਹੈ। ਸਿਨਹਾ ਨੇ ਕਿਹਾ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨ ਲਈ ਬਲੀ ਦਾ ਬਕਰਾ ਲੱਭ ਲਿਆ ਹੈ। ਉਨ੍ਹਾਂ ਕਿਹਾ, ‘ਪਰ ਇਸ ਤੋਂ ਕੀ ਸਾਬਤ ਹੁੰਦਾ ਹੈ? ਇਸ ਤੋਂ ਸਾਬਤ ਹੁੰਦਾ ਹੈ ਕਿ ਕੇਂਦਰ ’ਤੇ ਕਾਬਜ਼ ਹਾਕਮ ਧਿਰ ਅਤੇ ਭਾਰਤ ਸਰਕਾਰ ਲਈ ਸਾਡੇ ਸੰਵਿਧਾਨ ਦੇ ਸੰਘੀ ਢਾਂਚੇ ਦੀ ਕੋਈ ਇੱਜ਼ਤ ਨਹੀਂ ਹੈ।’ ਉਨ੍ਹਾਂ ਦੋਸ਼ ਲਾਇਆ ਕਿ ਉਹ ਇੱਕ ਤੋਂ ਬਾਅਦ ਇੱਕ ਮੌਕੇ ’ਤੇ ਸੰਵਿਧਾਨ ਦੀ ਉਲੰਘਣਾ ਕਰ ਰਹੇ ਹਨ। ਇਸ ਤੋਂ ਪਹਿਲਾਂ ਡੀਐੱਮਕੇ ਹੈਡਕੁਆਰਟਰ ਪਹੁੰਚਣ ’ਤੇ ਸ੍ਰੀ ਸਿਨਹਾ ਦਾ ਭਰਵਾਂ ਸਵਾਗਤ ਕੀਤਾ ਗਿਆ। -ਪੀਟੀਆਈ