ਕੋਲਕਾਤਾ, 11 ਜੂਨ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਸ਼ਟਰਪਤੀ ਦੀ ਚੋਣ ਲਈ ਸਾਂਝੀ ਰਣਨੀਤੀ ਬਣਾਉਣ ਵਾਸਤੇ 15 ਜੂਨ ਨੂੰ ਦਿੱਲੀ ’ਚ ਮੀਟਿੰਗ ਸੱਦੀ ਹੈ ਅਤੇ ਉਸ ’ਚ ਹਾਜ਼ਰੀ ਲਈ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਪਧਤਰ ਲਿਖ ਕੇ ਸੱਦੇ ਭੇਜੇ ਗਏ ਹਨ। ਤ੍ਰਿਣਮੂਲ ਕਾਂਗਰਸ ਨੇ ਕਿਹਾ ਕਿ ਪਾਰਟੀ ਚੇਅਰਪਰਸਨ ਮਮਤਾ ਬੈਨਰਜੀ ਨੇ ਸਾਰੀਆਂ ਅਗਾਂਹਵਧੂ ਵਿਰੋਧੀ ਤਾਕਤਾਂ ਨੂੰ ਰਾਸ਼ਟਰਪਤੀ ਚੋਣ ਲਈ ਭਵਿੱਖ ਦੀ ਰਣਨੀਤੀ ਤੈਅ ਕਰਨ ਵਾਸਤੇ 15 ਜੂਨ ਨੂੰ ਦੁਪਹਿਰ ਬਾਅਦ 3 ਵਜੇ ਬੈਠਕ ਦਾ ਸੱਦਾ ਦਿੱਤਾ ਹੈ। ਪਾਰਟੀ ਵੱਲੋਂ ਜਾਰੀ ਬਿਆਨ ਮੁਤਾਬਕ ਮਮਤਾ ਨੇ ਵਿਰੋਧੀ ਧਿਰ ਦੇ ਮੁੱਖ ਮੰਤਰੀਆਂ ਅਤੇ ਆਗੂਆਂ ਕੋਲ ਪਹੁੰਚ ਕਰਦਿਆਂ ਸਾਂਝੀ ਮੀਟਿੰਗ ’ਚ ਸ਼ਮੂਲੀਅਤ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਵੰਡਪਾਊ ਤਾਕਤਾਂ ਖ਼ਿਲਾਫ਼ ਮਜ਼ਬੂਤ ਤੇ ਅਸਰਦਾਰ ਵਿਰੋਧੀ ਧਿਰ ਖੜ੍ਹੀ ਕਰਨ ਲਈ ਮਮਤਾ ਨੇ ਪਹਿਲ ਕੀਤੀ ਹੈ। -ਪੀਟੀਆਈ
ਮਮਤਾ ਦੀ ਇਕਪਾਸੜ ਪਹਿਲ ਕਾਰਨ ਏਕੇ ਨੂੰ ਪਹੁੰਚ ਸਕਦੈ ਨੁਕਸਾਨ: ਯੇਚੁਰੀ
ਨਵੀਂ ਦਿੱਲੀ: ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਇਕਪਾਸੜ ਹੈ ਤੇ ਇਸ ਦਾ ਪੁੱਠਾ ਅਸਰ ਹੋਵੇਗਾ। ਯੇਚੁਰੀ ਨੇ ਕਿਹਾ ਕਿ ਕਾਂਗਰਸ ਚੇਅਰਪਰਸਨ ਸੋਨੀਆ ਗਾਂਧੀ, ਐੱਨਸੀਪੀ ਮੁਖੀ ਸ਼ਰਦ ਪਵਾਰ ਤੇ ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਸਮੇਤ ਵਿਰੋਧੀ ਧਿਰਾਂ ਦੇ ਹੋਰ ਸੀਨੀਅਰ ਆਗੂਆਂ ਦੀ ਪਹਿਲਾਂ ਹੀ 15 ਜੂਨ ਨੂੰ ਮੀਟਿੰਗ ਹੋਣੀ ਤੈਅ ਹੈ। ਯੇਚੁਰੀ ਨੇ ਕਿਹਾ ਕਿ ਮਮਤਾ ਵੱਲੋਂ 15 ਜੂਨ ਨੂੰ ਹੀ ਬੈਠਕ ਸੱਦਣ ਨਾਲ ਵਿਰੋਧੀ ਧਿਰਾਂ ’ਚ ਏਕਤਾ ਨੂੰ ਨੁਕਸਾਨ ਪਹੁੰਚ ਸਕਦਾ ਹੈ। -ਪੀਟੀਆਈ