ਕੋਲਕਾਤਾ, 20 ਜੂਨ
ਤ੍ਰਿਣਮੂਲ ਕਾਂਗਰਸ ਦੇ ਇੱਕ ਸੀਨੀਅਰ ਆਗੂ ਨੇ ਅੱਜ ਕਿਹਾ ਕਿ ਗ਼ੈਰ-ਭਾਜਪਾ ਪਾਰਟੀਆਂ ਆਉਂਦੀਆਂ ਰਾਸ਼ਟਰਪਤੀ ਚੋਣਾਂ ਲਈ ਸੰਭਾਵੀ ਸਾਂਝੇ ਉਮੀਦਵਾਰ ਵਜੋਂ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਦੇ ਨਾਂ ’ਤੇ ਵਿਚਾਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਵਿਰੋਧੀ ਧਿਰਾਂ ਨੇ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਵਜੋਂ ਪਿਛਲੇ ਸਾਲ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋਏ ਭਾਜਪਾ ਦੇ ਸਾਬਕਾ ਆਗੂ ਯਸ਼ਵੰਤ ਸਿਨਹਾ ਦਾ ਨਾਂ ਤਜਵੀਜ਼ ਕੀਤਾ ਹੈ ਅਤੇ ਤਿੰਨ-ਚਾਰ ਪਾਰਟੀਆਂ ਨੇ ਇਸ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀਐੱਮਸੀ ਦੀ ਮੁਖੀ ਮਮਤਾ ਬੈਨਰਜੀ ਨੂੰ ਇਸ ਤਰ੍ਹਾਂ ਦੇ ਫੋਨ ਆਏ ਤੇ ਉਹ ਵੀ ਸਿਨਹਾ ਨੂੰ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਵਜੋਂ ਪੇਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ, ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲ੍ਹਾ ਤੇ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਗੋਪਾਲ ਕ੍ਰਿਸ਼ਨ ਗਾਂਧੀ ਦੇ ਨਾਂ ਤਜਵੀਜ਼ ਕੀਤੇ ਗਏ ਸਨ ਪਰ ਉਨ੍ਹਾਂ ਸਾਰਿਆਂ ਨੇ ਇਸ ਤੋਂ ਇਨਕਾਰ ਕਰ ਦਿੱਤਾ। ਟੀਐੱਮਸੀ ਦੇ ਸੀਨੀਅਰ ਆਗੂ ਨੇ ਕਿਹਾ, ‘ਯਸ਼ਵੰਤ ਸਿਨਹਾ ਹੁਣ ਟੀਐੱਮਸੀ ਦੇ ਆਗੂ ਹਨ। ਇਸ ਲਈ ਅਸੀਂ ਕੋਈ ਭਰਮ ਨਹੀਂ ਚਾਹੁੰਦੇ ਕਿ ਤਜਵੀਜ਼ ਸਾਡੇ ਵੱਲੋਂ ਪੇਸ਼ ਕੀਤੀ ਗਈ ਹੈ। ਉਨ੍ਹਾਂ ਦੇ ਨਾਂ ’ਤੇ 3-4 ਪਾਰਟੀਆਂ ਸਹਿਮਤ ਹੋ ਚੁੱਕੀਆਂ ਹਨ। ਹੁਣ ਬਾਕੀ ਪਾਰਟੀਆਂ ਨੇ ਫ਼ੈਸਲਾ ਕਰਨਾ ਹੈ।’ ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਸਮਾਪਤ ਹੋ ਰਿਹਾ ਹੈ। ਦੇਸ਼ ਦੇ ਨਵੇਂ ਰਾਸ਼ਟਰਪਤੀ ਲਈ ਹੋਣ ਵਾਲੀਆਂ ਚੋਣਾਂ ਦੀ ਪ੍ਰਕਿਰਿਆ 15 ਜੂਨ ਨੂੰ ਸ਼ੁਰੂ ਹੋਵੇਗੀ। ਇਨ੍ਹਾਂ ਚੋਣਾਂ ਲਈ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਤਾਰੀਕ 29 ਜੁਲਾਈ ਹੈ। ਜੇਕਰ ਲੋੜ ਪਈ ਤਾਂ 18 ਜੁਲਾਈ ਨੂੰ ਵੋਟਾਂ ਪੈਣਗੀਆਂ ਤੇ ਵੋਟਾਂ ਦੀ ਗਿਣਤੀ 21 ਜੁਲਾਈ ਨੂੰ ਹੋਵੇਗੀ। ਜਿਕਰਯੋਗ ਹੈ ਕਿ ਸੱਤਾਧਾਰੀ ਭਾਜਪਾ ਤੇ ਵਿਰੋਧੀ ਧਿਰਾਂ ਵੱਲੋਂ ਰਾਸ਼ਟਰਪਤੀ ਚੋਣਾਂ ਲਈ ਸਰਗਰਮੀ ਭਖਾਈ ਗਈ ਹੈ। -ਪੀਟੀਆਈ
ਭਾਜਪਾ ਵਿਰੋਧੀ ਗੱਠਜੋੜ ਦੀ ਮੀਟਿੰਗ ਅੱਜ
ਨਵੀਂ ਦਿੱਲੀ/ਕੋਲਕਾਤਾ: ਰਾਸ਼ਟਪਤੀ ਚੋਣਾਂ ਲਈ ਸਾਂਝੇ ਉਮੀਦਵਾਰ ਦਾ ਨਾਂ ਤੈਅ ਕਰਨ ਲਈ ਵਿਰੋਧੀ ਧਿਰਾਂ ਦੇ ਆਗੂਆਂ ਦੀ ਮੀਟਿੰਗ 21 ਜੂਨ ਨੂੰ ਬਾਅਦ ਦੁਪਹਿਰ ਹੋਵੇਗੀ। 17 ਵਿਰੋਧੀ ਧਿਰਾਂ ਦੇ ਆਗੂਆਂ ਦੀ ਮੀਟਿੰਗ ਦੀ ਪ੍ਰਧਾਨਗੀ ਐੱਨਸੀਪੀ ਮੁਖੀ ਸ਼ਰਦ ਪਵਾਰ ਕਰਨਗੇ ਤੇ ਇਸ ਦੌਰਾਨ ਭਾਜਪਾ ਵਿਰੋਧੀ ਗੱਠਜੋੜ ਨੂੰ ਹੋਰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ ਜਾਵੇਗੀ। ਤ੍ਰਿਣਮੂਲ ਕਾਂਗਰਸ ਵੱਲੋਂ ਅਭਿਸ਼ੇਕ ਬੈਨਰਜੀ ਮੀਟਿੰਗ ’ਚ ਸ਼ਾਮਲ ਹੋਣਗੇ। ਪਾਰਟੀ ਦੇ ਇਕ ਸੀਨੀਅਰ ਅਹੁਦੇਦਾਰ ਨੇ ਅੱਜ ਦੱਸਿਆ ਕਿ ਉਨ੍ਹਾਂ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਆਗਾਮੀ ਰਾਸ਼ਟਰਪਤੀ ਚੋਣਾਂ ਲਈ ਐੱਨਸੀਪੀ ਮੁਖੀ ਸ਼ਰਦ ਪਵਾਰ ਵੱਲੋਂ ਭਲਕੇ ਸੱਦੀ ਵਿਰੋਧੀ ਧਿਰ ਦੀ ਬੈਠਕ ਦੀ ਨੁਮਾਇੰਦਗੀ ਕਰਨਗੇ।