ਹੈਦਰਾਬਾਦ, 2 ਜੁਲਾਈ
ਰਾਸ਼ਟਰਪਤੀ ਚੋਣ ਲਈ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਕਿਹਾ ਹੈ ਕਿ ਚੋਣਾਂ ਤੋਂ ਬਾਅਦ ਵੀ ਮੁਕਾਬਲਾ ਜਾਰੀ ਰਹੇਗਾ। ਟੀਆਰਐੱਸ ਪਾਰਟੀ ਵੱਲੋਂ ਉਨ੍ਹਾਂ ਦੀ ਹਮਾਇਤ ’ਚ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਸਿਨਹਾ ਨੇ ਕਿਹਾ ਕਿ ਇਹ ਦੋ ਵਿਅਕਤੀਆਂ ਵਿਚਕਾਰ ਨਹੀਂ ਸਗੋਂ ਵਿਚਾਰਧਾਰਾਵਾਂ ਦਾ ਮੁਕਾਬਲਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਉਹ ਕਦੇ ਵੀ ਸਰਬਸੰਮਤੀ ’ਤੇ ਵਿਸ਼ਵਾਸ ਨਹੀਂ ਕਰਦੇ ਅਤੇ ਉਹ ਸਿਰਫ਼ ਟਕਰਾਅ ਚਾਹੁੰਦੇ ਹਨ। ਸਿਨਹਾ ਨੇ ਕਿਹਾ ਕਿ ਉਨ੍ਹਾਂ ਰਾਸ਼ਟਰਪਤੀ ਉਮੀਦਵਾਰ ਲਈ ਕਾਗਜ਼ ਭਰਨ ਮਗਰੋਂ ਫੋਨ ’ਤੇ ਮੋਦੀ ਕੋਲ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੂੰ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਉਪਲੱਬਧ ਨਹੀਂ ਹਨ ਅਤੇ ਹੁਣ ਤੱਕ ਉਨ੍ਹਾਂ ਨੂੰ ਫੋਨ ਦਾ ਜਵਾਬ ਨਹੀਂ ਮਿਲਿਆ ਹੈ। ਵਾਜਪਾਈ ਸਰਕਾਰ ’ਚ ਵਿੱਤ ਮੰਤਰੀ ਰਹੇ ਸਿਨਹਾ ਨੇ ਕਿਹਾ ਕਿ ਜਦੋਂ ਉਹ ਮੰਤਰੀ ਸਨ ਤਾਂ ਕਦੇ ਵੀ ਨਹੀਂ ਸੋਚਿਆ ਸੀ ਕਿ ਵਿਰੋਧੀਆਂ ਖ਼ਿਲਾਫ਼ ਐੱਨਫੋਰਸਮੈਂਟ ਡਾਇਰੈਕਟੋਰੇਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹਮਾਇਤ ਲਈ ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਨੂੰ ਸ੍ਰੀ ਰਾਓ ਵਰਗੇ ਆਗੂਆਂ ਦੀ ਲੋੜ ਹੈ। ਇਸ ਮੌਕੇ ਰਾਓ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਕੁਝ ਕੇਂਦਰੀ ਮੰਤਰੀ ਆਖ ਰਹੇ ਹਨ ਕਿ ਉਹ ਮਹਾਰਾਸ਼ਟਰ ਵਾਂਗ ਟੀਆਰਐੱਸ ਸਰਕਾਰ ਨੂੰ ਡੇਗ ਸਕਦੇ ਹਨ। ‘ਤੁਸੀਂ ਮੇਰੀ ਸਰਕਾਰ ਡੇਗ ਕੇ ਦਿਖਾਓ। ਅਸੀਂ ਦਿੱਲੀ ਦੀ ਸੱਤਾ ਤੋਂ ਤੁਹਾਨੂੰ ਹਟਾ ਦੇਵਾਂਗੇ।’ ਇਸ ਤੋਂ ਪਹਿਲਾਂ ਸਿਨਹਾ ਦਾ ਹਵਾਈ ਅੱਡੇ ’ਤੇ ਭਰਵਾਂ ਸਵਾਗਤ ਕੀਤਾ ਗਿਆ ਸੀ। -ਪੀਟੀਆਈ
ਦਰੋਪਦੀ ਮੁਰਮੂ ਨੇ ਪੁੱਡੂਚੇਰੀ ਵਿੱਚ ਹਮਾਇਤ ਮੰਗੀ
ਪੁੱਡੂਚੇਰੀ: ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਦਰੋਪਦੀ ਮੁਰਮੂ ਨੇ ਅੱਜ ਇਥੇ ਪਹੁੰਚ ਕੇ ਹੁਕਮਰਾਨ ਏਆਈਐੱਨਆਰਸੀ ਦੀ ਅਗਵਾਈ ਹੇਠਲੇ ਗੱਠਜੋੜ ਦੇ ਵਿਧਾਇਕਾਂ ਨਾਲ ਮੁਲਾਕਾਤ ਕਰਕੇ ਆਪਣੇ ਲਈ ਹਮਾਇਤ ਮੰਗੀ। ਉਨ੍ਹਾਂ ਐੱਨਡੀਏ ’ਚ ਸ਼ਾਮਲ ਪਾਰਟੀਆਂ ਦੇ ਵਿਧਾਇਕਾਂ ਨੂੰ ਸੰਬੋਧਨ ਵੀ ਕੀਤਾ। -ਪੀਟੀਆਈ