ਨਵੀਂ ਦਿੱਲੀ, 24 ਨਵੰਬਰ
ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਏਅਰ ਇੰਡੀਆ ਦੇ ਜਹਾਜ਼ ਵਨ-ਬੀ777 ਦੀ ਉਦਘਾਟਨੀ ਉਡਾਣ ’ਚ ਚੇਨੱਈ ਗਏ। ਇਹ ਜਾਣਕਾਰੀ ਰਾਸ਼ਟਰਪਤੀ ਭਵਨ ਵੱਲੋਂ ਇਕ ਬਿਆਨ ਜਾਰੀ ਕਰ ਕੇ ਦਿੱਤੀ ਗਈ। ਬਿਆਨ ਅਨੁਸਾਰ ਸ੍ਰੀ ਕੋਵਿੰਦ ਨੇ ਆਂਧਰਾ ਪ੍ਰਦੇਸ਼ ’ਚ ਪੈਂਦੇ ਤਿਰੂਪਤੀ ’ਚ ਸਥਿਤ ਸ੍ਰੀ ਵੈਂਕਟੇਸ਼ਵਰ ਸਵਾਮੀ ਦੇ ਮੰਦਰ ਵਿੱਚ ਮੱਥਾ ਵੀ ਟੇਕਿਆ।
ਬਿਆਨ ਅਨੁਸਾਰ, ‘‘ਇਹ ਏਅਰ ਇੰਡੀਆ ਵਨ-777 ਦੀ ਪਹਿਲੀ ਉਡਾਣ ਹੈ ਜਿਸ ਵਿੱਚ ਰਾਸ਼ਟਰਪਤੀ ਸਵਾਰ ਸਨ। ਇਹ ਜਹਾਜ਼ ਘੱਟ ਈਂਧਣ ਵਿੱਚ ਲੰਬੀ ਉਡਾਣ ਦੀ ਸਮਰੱਥਾ ਰੱਖਦਾ ਹੈ ਅਤੇ ਇਸ ਦੀ ਰੇਂਜ ਬੀ747-400 ਜਿਸ ਨੂੰ ਵੀਵੀਆਈਪੀ ਗਤੀਵਿਧੀਆਂ ਲਈ ਇਸਤੇਮਾਲ ਕੀਤਾ ਜਾਂਦਾ ਹੈ, ਨਾਲੋਂ ਜ਼ਿਆਦਾ ਲੰਬੀ ਹੈ। ਇਸ ਜਹਾਜ਼ ਵਿੱਚ ਸ਼ੋਰ ਪ੍ਰਦੂਸ਼ਣ ਦਾ ਪੱਧਰ ਬਹੁਤ ਘੱਟ ਹੈ। ਏਅਰ ਇੰਡੀਆ ਵਨ ਦੀ ਪਹਿਲੀ ਉਡਾਣ ਵਿੱਚ ਰਾਸ਼ਟਰਪਤੀ ਦਾ ਸਵਾਰ ਹੋਣਾ ਇਸ ਗੱਲ ਵੱਲ ਇਸ਼ਾਰਾ ਹੈ ਕਿ ਇਸ ਜਹਾਜ਼ ਨੂੰ ਵੀਵੀਆਈਪੀ ਜਹਾਜ਼ ਵਜੋਂ ਇਸਤੇਮਾਲ ਕੀਤਾ ਜਾ ਸਕਦਾ ਹੈ ਜਿਵੇਂ ਕਿ ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੀ ਸਫ਼ਰ ਸਹੂਲਤ ਲਈ।
ਏਅਰ ਇੰਡੀਆ ਵਨ-ਬੀ777 ਦੀ ਉਦਘਾਟਨੀ ਉਡਾਣ ਮੌਕੇ ਸ੍ਰੀ ਕੋਵਿੰਦ ਨੇ ਜਹਾਜ਼ ਦੇ ਪਾਇਲਟਾਂ, ਅਮਲੇ ਤੇ ਏਅਰ ਇੰਡੀਆ ਦੀ ਸਮੁੱਚੀ ਟੀਮ ਅਤੇ ਭਾਰਤੀ ਹਵਾਈ ਸੈਨਾ ਦੀ ਸ਼ਲਾਘਾ ਕੀਤੀ। -ਪੀਟੀਆਈ