ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੀਆਂ ਅੰਤਿਮ ਰਸਮਾਂ ਵਿਚ ਸ਼ਿਰਕਤ ਕਰਨ ਲਈ ਯੂਕੇ ਜਾਣਗੇ। ਉਹ 17 ਤੋਂ 19 ਸਤੰਬਰ ਤੱਕ ਯੂਕੇ ਵਿਚ ਰਹਿਣਗੇ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਮਹਾਰਾਣੀ ਐਲਿਜ਼ਾਬੈੱਥ ਦੋਇਮ ਦੇ ਦੇਹਾਂਤ ਉਤੇ ਸੰਵੇਦਨਾ ਪ੍ਰਗਟ ਕੀਤੀ ਸੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੀ 12 ਸਤੰਬਰ ਨੂੰ ਨਵੀਂ ਦਿੱਲੀ ਸਥਿਤ ਬਰਤਾਨਵੀ ਹਾਈ ਕਮਿਸ਼ਨ ਗਏ ਸਨ ਤੇ ਭਾਰਤ ਵੱਲੋਂ ਸੰਵੇਦਨਾ ਪ੍ਰਗਟ ਕੀਤੀ ਸੀ। ਭਾਰਤ ਵਿਚ ਇਕ ਦਿਨ ਦਾ ਕੌਮੀ ਸੋਗ ਵੀ ਐਲਾਨਿਆ ਗਿਆ ਸੀ। ਦੱਸਣਯੋਗ ਹੈ ਕਿ ਮਹਾਰਾਣੀ ਦੇ 70 ਸਾਲਾਂ ਦੇ ਸ਼ਾਸਨ ਦੌਰਾਨ ਭਾਰਤ ਤੇ ਯੂਕੇ ਦੇ ਸਬੰਧਾਂ ਵਿਚ ਵੱਡਾ ਬਦਲਾਅ ਆਇਆ ਹੈ। ਦੋਵਾਂ ਮੁਲਕਾਂ ਦੇ ਰਿਸ਼ਤੇ ਮਜ਼ਬੂਤ ਹੋਏ ਹਨ ਤੇ ਇਨ੍ਹਾਂ ਦਾ ਵਿਸਤਾਰ ਹੋਇਆ ਹੈ। -ਪੀਟੀਆਈ