ਅਹਿਮਦਾਬਾਦ, 4 ਅਕਤੂਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਨਵੀਆਂ ਕਾਢਾਂ ਬਾਰੇ ਆਲਮੀ ਸੂਚਕ ਅੰਕ (ਗਲੋਬਲ ਇਨੋਵੇਸ਼ਨ ਇੰਡੈਕਸ) ’ਚ ਭਾਰਤ 81 ਤੋਂ 40ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਗੁਜਰਾਤ ਯੂਨੀਵਰਸਿਟੀ ਵੱਲੋਂ ਮਹਿਲਾ ਉੱਦਮੀਆਂ ਲਈ ਬਣਾਏ ਗਏ ਪਲੇਟਫਾਰਮ ‘ਹਰਸਟਾਰਟ’ ਲਾਂਚ ਕਰਨ ਮਗਰੋਂ ਉਨ੍ਹਾਂ ਕਿਹਾ, ‘‘ਮੈਨੂੰ ਦੱਸਿਆ ਗਿਆ ਹੈ ਕਿ ਇਸ ਯੂਨੀਵਰਸਿਟੀ ਵਿੱਚ 450 ਤੋਂ ਵੱਧ ਸਟਾਰਟ-ਅੱਪਸ ਹਨ। ਇਨ੍ਹਾਂ ’ਚੋਂ 125 ਤੋਂ ਵੱਧ ਦੀਆਂ ਮੁਖੀ ਮਹਿਲਾਵਾਂ ਹਨ।’’ ਉਨ੍ਹਾਂ ਕਿਹਾ, ‘‘ਹਰਸਟਾਰਟ ਪਲੇਟਫਾਰਮ ਲਾਂਚ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਇਹ ਉਭਰਦੇ ਉੱਦਮੀਆਂ ਲਈ ਸਰਕਾਰੀ ਯੋਜਨਾਵਾਂ ਅਤੇ ਨਿੱਜੀ ਫੰਡਾਂ ਵਿਚਾਲੇ ਪੁਲ ਦਾ ਕੰਮ ਕਰੇਗਾ।’’ ਮੁਰਮੂ ਦੋ ਦਿਨਾਂ ਦੇ ਦੌਰੇ ’ਤੇ ਗੁਜਰਾਤ ਆਏ ਹਨ। ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਗੁਜਰਾਤ ਫੇਰੀ ਹੈ। ਸਟਾਰਟ-ਅੱਪਸ ਦਾ ਮਹੱਤਵ ਦੱਸਦਿਆਂ ਉਨ੍ਹਾਂ ਕਿਹਾ ਕਿ ਭਾਰਤ ਗਲੋਬਲ ਇਨੋਵੇਸ਼ਨ ਇੰਡੈਕਸ 2022 ਵਿੱਚ 81ਵੇਂ ਤੋਂ 40ਵੇਂ ਸਥਾਨ ’ਤੇ ਆ ਗਿਆ ਹੈ। ਸਟਾਰਟ-ਅੱਪ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਵੀ ਮਦਦ ਕਰਨਗੇ।
ਰਾਸ਼ਟਰਪਤੀ ਨੇ ਕਿਹਾ ਕਿ ਗੁਜਰਾਤ ਨੇ ਪਿਛਲੇ ਦੋ ਦਹਾਕਿਆਂ ਵਿੱਚ ਬਹੁਤ ਤਰੱਕੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਸਿੱਖਿਆ ਅਤੇ ਕਬਾਇਲੀ ਵਿਕਾਸ ਨਾਲ ਸਬੰਧਤ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ। -ਪੀਟੀਆਈ