ਚੇਨਈ, 1 ਅਗਸਤ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਤਾਮਿਲਨਾਡੂ ਦੌਰੇ ਤੋਂ ਪਹਿਲਾਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਕਰੀਬ ਪੰਜ ਹਜ਼ਾਰ ਪੁਲੀਸ ਕਰਮੀਆਂ, ਕਮਾਂਡੋਆਂ ਨੂੰ ਪੰਜ ਪਰਤ ਦੇ ਸੁਰੱਖਿਆ ਘੇਰੇ ਵਿਚ ਤਾਇਨਾਤ ਕੀਤਾ ਗਿਆ ਹੈ। ਰਾਸ਼ਟਰਪਤੀ ਇੱਥੇ ਸੂਬਾਈ ਵਿਧਾਨ ਸਭਾ ਨਾਲ ਜੁੜੇ ਇਕ ਸਮਾਗਮ ਵਿਚ ਹਿੱਸਾ ਲੈਣਗੇ। ਵਿਧਾਨ ਸਭਾ ਹਾਲ ਤੇ ਸੂਬਾ ਸਕੱਤਰੇਤ ਜੋ ਕਿ ਫੋਰਟ ਸੇਂਟ ਜੌਰਜ ਤੇ ਰਾਜ ਭਵਨ ਵਿਚ ਸਥਿਤ ਹਨ, ਨੂੰ ਕਿਲ੍ਹੇ ਵਿਚ ਬਦਲ ਦਿੱਤਾ ਗਿਆ ਹੈ। ਹਵਾਈ ਅੱਡੇ ਉਤੇ ਵੀ ਕਰੜੇ ਸੁਰੱਖਿਆ ਪ੍ਰਬੰਧ ਹਨ। ਰਾਸ਼ਟਰਪਤੀ ਦੇ ਦੌਰੇ ਦੌਰਾਨ ਸਾਰੇ ਰੂਟਾਂ ਦੀ ਨੇੜਿਓਂ ਨਿਗਰਾਨੀ ਕੀਤੀ ਜਾਵੇਗੀ। ਚੇਨਈ ਪੁਲੀਸ ਕਮਿਸ਼ਨਰ ਨੇ ਇਸ ਤੋਂ ਪਹਿਲਾਂ ਸੀਨੀਅਰ ਅਫ਼ਸਰਾਂ ਨਾਲ ਇਕ ਮੀਟਿੰਗ ਕੀਤੀ। ਰਾਸ਼ਟਰਪਤੀ ਭਲਕੇ ਇੱਥੇ ਪਹੁੰਚਣਗੇ ਤੇ ਤਾਮਿਲ ਨਾਡੂ ਵਿਧਾਨ ਸਭਾ ਦੇ ਸਮਾਗਮ ਵਿਚ ਸ਼ਿਰਕਤ ਕਰਨਗੇ। ਉਹ ਸਾਬਕਾ ਮੁੱਖ ਮੰਤਰੀ ਐਮ. ਕਰੁਣਾਨਿਧੀ ਦੀ ਇਕ ਤਸਵੀਰ ਤੋਂ ਪਰਦਾ ਵੀ ਚੁੱਕਣਗੇ। ਸੋਮਵਾਰ ਰਾਤ ਕੋਵਿੰਦ ਰਾਜ ਭਵਨ ਵਿਚ ਰੁਕਣਗੇ ਤੇ ਅਗਲੇ ਦਿਨ ਨੀਲਗਿਰੀ ਹਿੱਲਸ ਲਈ ਨਿਕਣਗੇ। ਚਾਰ ਅਗਸਤ ਨੂੰ ਉਹ ਡਿਫੈਂਸ ਸਰਵਿਸਿਜ਼ ਸਟਾਫ਼ ਕਾਲਜ ਵੈਲਿੰਗਟਨ ਜਾਣਗੇ ਜੋ ਕਿ ਊਟੀ ਨੇੜੇ ਹੈ। ਉੱਥੇ ਉਹ 77ਵੇਂ ਸਟਾਫ਼ ਕੋਰਸ ਦੇ ਵਿਦਿਆਰਥੀ ਅਫ਼ਸਰਾਂ ਨੂੰ ਸੰਬੋਧਨ ਕਰਨਗੇ। ਦਿੱਲੀ ਉਹ ਛੇ ਅਗਸਤ ਨੂੰ ਪਰਤਣਗੇ। -ਪੀਟੀਆਈ