ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਐਤਕੀਂ ਰਵਾਇਤ ਤੋਂ ਹਟ ਕੇ ਇਸ ਸਾਲ ਦਸਹਿਰੇ ਦਾ ਤਿਉਹਾਰ ਲੱਦਾਖ ਦੇ ਦਰਾਸ ਖੇਤਰ ਵਿੱਚ ਫੌਜੀ ਜਵਾਨਾਂ ਨਾਲ ਮਨਾਉਣਗੇ। ਰਾਸ਼ਟਰਪਤੀ ਰਵਾਇਤੀ ਤੌਰ ’ਤੇ ਕੌਮੀ ਰਾਜਧਾਨੀ ਵਿੱਚ ਮਨਾਏ ਜਾਂਦੇ ਦਸਹਿਰੇ ਦੇ ਜਸ਼ਨਾਂ ਵਿੱਚ ਸ਼ਾਮਲ ਹੁੰਦੇ ਹਨ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਮੁਤਾਬਕ ਰਾਸ਼ਟਰਪਤੀ ਕੋਵਿੰਦ 14 ਤੇ 15 ਅਕਤੂਬਰ ਨੂੰ ਲੱਦਾਖ ਅਤੇ ਜੰਮੂ ਤੇ ਕਸ਼ਮੀਰ ਜਾਣਗੇ। ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਵੀਰਵਾਰ ਨੂੰ ਲੇਹ ਦੇ ਸਿੰਧੂ ਘਾਟ ਵਿਖੇ ਸਿੰਧੂ ਦਰਸ਼ਨ ਪੂਜਾ ਕਰਨਗੇ। ਉਸੇ ਸ਼ਾਮ ਨੂੰ ਉਹ ਊਧਮਪੁਰ ਵਿੱਚ ਫੌਜੀ ਜਵਾਨਾਂ ਦੇ ਰੂਬਰੂ ਹੋਣਗੇ। ਅਗਲੇ ਦਿਨ ਭਾਵ 15 ਅਕਤੂਬਰ ਨੂੰ ਕੋਵਿੰਦ ਦਰਾਸ ਵਿੱਚ ਕਾਰਗਿਲ ਜੰਗੀ ਯਾਦਗਾਰ ਵਿੱਚ ਸ਼ਰਧਾਂਜਲੀ ਦੇਣ ਦੇ ਨਾਲ ਫੌਜੀ ਅਧਿਕਾਰੀਆਂ ਤੇ ਜਵਾਨਾਂ ਨੂੰ ਮਿਲਣਗੇ। ਦਸਹਿਰਾ ਸ਼ੁੱਕਰਵਾਰ ਨੂੰ ਮਨਾਇਆ ਜਾਣਾ ਹੈ। -ਪੀਟੀਆਈ