ਅਹਿਮਦਾਬਾਦ, 3 ਅਕਤੂਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਆਪਣੇ ਦੋ ਦਿਨਾ ਗੁਜਰਾਤ ਦੌਰੇ ਦੌਰਾਨ ਅੱਜ ਅਹਿਮਦਾਬਾਦ ਦੇ ਸਾਬਰਮਤੀ ਵਿੱਚ ਮਹਾਤਮਾ ਗਾਂਧੀ ਆਸ਼ਰਮ ਗਏ ਅਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਇਸ ਤਜਰਬੇ ਨੂੰ ‘ਨਾ ਬਿਆਨੀ ਜਾ ਸਕਣ ਵਾਲੀ ਪ੍ਰੇਰਨਾ’’ ਕਰਾਰ ਦਿੱਤਾ। ਇਸ ਮੌਕੇ ਗੁਜਰਾਤ ਦੇ ਰਾਜਪਾਲ ਅਚਾਰੀਆ ਦੇਵਵਰਤ ਅਤੇ ਮੁੱਖ ਮੰਤਰੀ ਭੁਪੇਂਦਰ ਪਟੇਲ ਵੀ ਉਨ੍ਹਾਂ ਦੇ ਨਾਲ ਸਨ। ਗੈਸਟ ਬੁੱਕ ਵਿੱਚ, ਰਾਸ਼ਟਰਪਤੀ ਨੇ ਹਿੰਦੀ ਵਿੱਚ ਲਿਖਿਆ ਕਿ ਉਨ੍ਹਾਂ ਨੇ ਲੰਮਾ ਸਮਾਂ ਆਜ਼ਾਦੀ ਦੀ ਲੜਾਈ ਦੇ ਕੇਂਦਰ ਵਜੋਂ ਕੰਮ ਕਰਨ ਵਾਲੇ ਆਸ਼ਰਮ ਵਿੱਚ ਜਾ ਕੇ ‘‘ਅਨੋਖਾ ਸਤਿਕਾਰ ਅਤੇ ਪ੍ਰੇਰਨਾ’’ ਅਤੇ ‘‘ਅਥਾਹ ਸ਼ਾਂਤੀ’’ ਮਹਿਸੂਸ ਕੀਤੀ। ਇਸ ਤੋਂ ਪਹਿਲਾਂ ਸੂਬਾ ਸਰਕਾਰ ਵੱਲੋਂ ਇੱਕ ਪ੍ਰੈੱਸ ਬਿਆਨ ਰਾਹੀਂ ਰਾਸ਼ਟਰਪਤੀ ਦੇ ਗੁਜਰਾਤ ਦੌਰੇ ਬਾਰੇ ਜਾਣਕਾਰੀ ਦਿੱਤੀ ਗਈ। ਬਿਆਨ ਵਿੱਚ ਕਿਹਾ ਗਿਆ ਸੀ ਕਿ ਮੁਰਮੂ ਅੱਜ ਸਾਬਰਮਤੀ, ਅਹਿਮਦਾਬਾਦ ਵਿੱਚ ਮਹਾਤਮਾ ਗਾਂਧੀ ਆਸ਼ਰਮ ਦਾ ਦੌਰਾ ਕਰਕੇ ਆਪਣੇ ਗੁਜਰਾਤ ਦੌਰੇ ਦੀ ਸ਼ੁਰੂਆਤ ਕਰਨਗੇ। ਉਹ ਗਾਂਧੀਨਗਰ ਵਿੱਚ ਇੱਕ ਸਮਾਗਮ ਵਿੱਚ 1,330 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਵੀ ਕਰਨਗੇ। ਰਾਸ਼ਟਰਪਤੀ ਵਜੋਂ ਦਰੋਪਦੀ ਮੁਰਮੂ ਦਾ ਇਹ ਪਹਿਲਾ ਗੁਜਰਾਤ ਦੌਰਾ ਹੈ।