ਮੁੰਬਈ: ਯੂਕੇ ਦੀ ਕੋਰਟ ਵੱਲੋਂ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਭਾਰਤ ਹਵਾਲੇ ਕਰਨ ਦੇ ਸੁਣਾਏ ਫੈਸਲੇ ਤੋਂ ਇਕ ਦਿਨ ਮਗਰੋਂ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਇਸ ‘ਨਵੇਂ ਮਹਿਮਾਨ’ ਲਈ ਵਿਸ਼ੇਸ਼ ਕੋਠੜੀ ਤਿਆਰ ਕੀਤੀ ਜਾ ਰਹੀ ਹੈ। ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ ਨਾਲ 2 ਅਰਬ ਅਮਰੀਕੀ ਡਾਲਰ ਦੀ ਠੱਗੀ ਤੇ ਮਨੀ ਲੌਂਡਰਿੰਗ ਦੇ ਦੋਸ਼ਾਂ ਤਹਿਤ ਲੋੜੀਂਦਾ ਹੈ। ਜੇਲ੍ਹ ਅਧਿਕਾਰੀ ਨੇ ਕਿਹਾ ਕਿ ਨੀਰਵ ਮੋਦੀ ਨੂੰ ਮੁੰਬਈ ਲਿਆਂਦੇ ਜਾਣ ਮਗਰੋਂ ਆਰਥਰ ਰੋਡ ਜੇਲ੍ਹ ਦੀ ਉੱਚ ਸੁਰੱਖਿਆ ਵਾਲੀ 12 ਨੰਬਰ ਬੈਰਕ ਦੀਆਂ ਤਿੰਨ ਕੋਠੜੀਆਂ ’ਚੋਂ ਕਿਸੇ ਇਕ ਵਿੱਚ ਰੱਖਿਆ ਜਾਵੇਗਾ। ਅਧਿਕਾਰੀ ਨੇ ਕਿਹਾ, ‘ਨੀਰਵ ਮੋਦੀ ਨੂੰ ਜੇਲ੍ਹ ਵਿੱਚ ਰੱਖਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਤੇ ਜੇਲ੍ਹ ਦੀ ਕੋਠੜੀ ਇਸ ਨਵੇਂ ਮਹਿਮਾਨ ਲਈ ਤਿਆਰ ਹੈ।’ ਮੋਦੀ ਨੇ ਇਸ ਅਰਸੇ ਦੌਰਾਨ ਜ਼ਮਾਨਤ ਲੈਣ ਲਈ ਕਈ ਅਰਜ਼ੀਆਂ ਦਿੱਤੀਆਂ, ਪਰ ਮੈਜਿਸਟਰੇਟੀ ਅਦਾਲਤ ਤੇ ਹਾਈ ਕੋਰਟ ਨੇ ਇਨ੍ਹਾਂ ਨੂੰ ਰੱਦ ਕਰ ਦਿੱਤਾ ਸੀ । -ਪੀਟੀਆਈ