ਨਵੀਂ ਦਿੱਲੀ: ਇੰਟਰਨੈੱਟ ਰਾਹੀਂ ਕਾਲ ਕਰਨ ਤੇ ਸੁਨੇਹੇ ਭੇਜਣ ਦੀ ਸਹੂਲਤ ਦੇਣ ਵਾਲੀਆਂ ਵੱਟਸਐੱਪ, ਜ਼ੂਮ ਤੇ ਗੂਗਲ ਡੂਓ ਵਰਗੀਆਂ ‘ਓਵਰ ਦਿ ਟੌਪ’ ਕੰਪਨੀਆਂ ਨੂੰ ਦੇਸ਼ ’ਚ ਕੰਮਕਾਰ ਲਈ ਲਾਇਸੈਂਸ ਦੀ ਜ਼ਰੂਰਤ ਹੋ ਸਕਦੀ ਹੈ। ਦੂਰਸੰਚਾਰ ਬਿੱਲ ਦੇ ਖਰੜੇ ’ਚ ਇਹ ਤਜਵੀਜ਼ ਦਿੱਤੀ ਗਈ ਹੈ। ਦੂਰਸੰਚਾਰ ਬਿੱਲ-2022 ਦੇ ਖਰੜੇ ’ਚ ਓਟੀਟੀ ਨੂੰ ਦੂਰਸੰਚਾਰ ਸੇਵਾ ਦੇ ਹਿੱਸੇ ਵਜੋਂ ਸ਼ਾਮਲ ਕੀਤਾ ਗਿਆ ਹੈ। ਬਿੱਲ ਦੇ ਜਾਰੀ ਕੀਤੇ ਖਰੜੇ ਅਨੁਸਾਰ, ‘ਦੂਰਸੰਚਾਰ ਸੇਵਾਵਾਂ ਤੇ ਦੂਰਸੰਚਾਰ ਨੈੱਟਵਰਕ ਨੂੰ ਲੈ ਕੇ ਸਬੰਧਤ ਕੰਪਨੀਆਂ ਨੂੰ ਲਾਇਸੈਂਸ ਲੈਣਾ ਪਵੇਗਾ।’ ਸਰਕਾਰ ਨੇ ਬਿੱਲ ’ਚ ਦੂਰਸੰਚਾਰ ਤੇ ਇੰਟਰਨੈੱਟ ਸੇਵਾ ਦੇਣ ਵਾਲੀਆਂ ਕੰਪਨੀਆਂ ਲਈ ਟੈਕਸ ਤੇ ਜੁਰਮਾਨਾ ਮੁਆਫ਼ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ। ਇਸ ’ਤੇ 20 ਅਕਤੂਬਰ ਤੱਕ ਟਿੱਪਣੀ ਕੀਤੀ ਜਾ ਸਕਦੀ ਹੈ। -ਪੀਟੀਆਈ