ਨਵੀਂ ਦਿੱਲੀ, 2 ਜੁਲਾਈ
ਟੀਕਾਕਰਨ ਸਬੰਧੀ ਕੌਮੀ ਤਕਨੀਕੀ ਸਲਾਹਕਾਰ ਸਮੂਹ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਦਿੱਤੀ ਗਈ ਮਨਜ਼ੂਰੀ ਨਾਲ ਭਾਰਤ ਵਿਚ ਹੁਣ ਗਰਭਵਤੀ ਔਰਤਾਂ ਵੀ ਕੋਵਿਡ ਵਿਰੋਧੀ ਟੀਕੇ ਲਗਵਾਉਣ ਦੇ ਯੋਗ ਹੋ ਗਈਆਂ ਹਨ। ਮੰਤਰਾਲੇ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਗਰਭਵਤੀ ਔਰਤਾਂ ਵਾਸਤੇ ਟੀਕਾਕਰਨ ਕਰਵਾਉਣ ਦਾ ਰਸਤਾ ਖੁੱਲ੍ਹ ਗਿਆ ਹੈ। ਕੇਂਦਰੀ ਸਿਹਤ ਮੰਤਰਾਲਾ ਦੀਆਂ ਹਦਾਇਤਾਂ ਅਨੁਸਾਰ ਗਰਭਵਤੀ ਔਰਤਾਂ ਨੂੰ ਵੈਕਸੀਨ ਦੇ ਨਫ਼ੇ ਤੇ ਨੁਕਸਾਨ ਬਾਰੇ ਦੱਸਣਾ ਜ਼ਰੂਰੀ ਹੋਵੇਗਾ ਤਾਂ ਜੋ ਉਹ ਟੀਕਾ ਲਗਵਾਉਣ ਸਬੰਧੀ ਸਹੀ ਫ਼ੈਸਲਾ ਲੈ ਸਕਣ। ਉਧਰ ਮਾਹਿਰਾਂ ਦਾ ਮਸ਼ਵਰਾ ਹੈ ਕਿ ਗਰਭਵਤੀ ਔਰਤਾਂ ਨੂੰ ਵੈਕਸੀਨ ਤਾਂ ਹੀ ਲਗਾਈ ਜਾ ਸਕਦੀ ਹੈ ਜੇਕਰ ਕੋਈ ਵਿਰੋਧਤਾ ਨਹੀਂ ਹੈ। ਇਹ ਔਰਤਾਂ ਹੁਣ ਕੋਵਿਨ ’ਤੇ ਰਜਿਸਟਰੇਸ਼ਨ ਕਰਵਾ ਸਕਦੀਆਂ ਹਨ ਜਾਂ ਨੇੜਲੇ ਟੀਕਾਕਰਨ ਕੇਂਦਰਾਂ ਵਿਚ ਜਾ ਕੇ ਟੀਕਾ ਲਗਵਾ ਸਕਦੀਆਂ ਹਨ। ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਸ ਫ਼ੈਸਲੇ ਸਬੰਧੀ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸੂਚਿਤ ਕੀਤਾ ਜਾ ਚੁੱਕਿਆ ਹੈ ਤਾਂ ਜੋ ਚੱਲ ਰਹੇ ਕੌਮੀ ਕੋਵਿਡ ਵਿਰੋਧੀ ਟੀਕਾਕਰਨ ਪ੍ਰੋਗਰਾਮ ਅਧੀਨ ਇਸ ਫ਼ੈਸਲੇ ਨੂੰ ਲਾਗੂ ਕੀਤਾ ਜਾ ਸਕੇ।
ਮੰਤਰਾਲੇ ਨੇ ਕਿਹਾ ਕਿ ਦੁਨੀਆ ਦੀ ਇਸ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਲਈ ਹੁਣ ਤੱਕ ਗਰਭਵਤੀ ਔਰਤਾਂ ਨੂੰ ਛੱਡ ਕੇ ਬਾਕੀ ਸਾਰੇ ਵਰਗ ਯੋਗ ਸਨ। ਹੁਣ ਇਸ ਮੁਹਿੰਮ ਦਾ ਵਿਸਥਾਰ ਗਰਭਵਤੀ ਔਰਤਾਂ ਤੱਕ ਵੀ ਕਰ ਦਿੱਤਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਸਟੱਡੀ ਦਰਸਾਉਂਦੀ ਹੈ ਕਿ ਗਰਭ ਦੌਰਾਨ ਕੋਵਿਡ ਲਾਗ ਨਾਲ ਗਰਭਵਤੀ ਔਰਤ ਦੀ ਹਾਲਤ ਤੇਜ਼ੀ ਨਾਲ ਵਿਗੜ ਸਕਦੀ ਹੈ ਅਤੇ ਉਨ੍ਹਾਂ ਵਿਚ ਗੰਭੀਰ ਬਿਮਾਰੀ ਦਾ ਖ਼ਤਰਾ ਵਧ ਜਾਂਦਾ ਹੈ। ਇਸ ਦਾ ਅਸਰ ਗਰਭ ਵਿਚ ਪਲ਼ ਰਹੇ ਬੱਚੇ ’ਤੇ ਵੀ ਪੈ ਸਕਦਾ ਹੈ। ਬਿਆਨ ਅਨੁਸਾਰ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਐੱਨਟੀਏਜੀਆਈ ਨੇ ਗਰਭਵਤੀ ਔਰਤਾਂ ਦਾ ਟੀਕਾਕਰਨ ਕਰਨ ਦੀ ਸਿਫ਼ਾਰਿਸ਼ ਕੀਤੀ। ਵੈਕਸੀਨ ਪ੍ਰਸ਼ਾਸਨ ਬਾਰੇ ਮਾਹਿਰਾਂ ਦੇ ਕੌਮੀ ਸਮੂਹ ਨੇ ਵੀ ਨਿਰਵਿਰੋਧ ਇਸ ਦੀ ਸਿਫ਼ਾਰਿਸ਼ ਕੀਤੀ। ਉਪਰੰਤ, ਇਸ ’ਤੇ ਸਹਿਮਤੀ ਬਣਾਉਣ ਲਈ ਸਿਹਤ ਮੰਤਰਾਲੇ ਵੱਲੋਂ ਗਰਭਵਤੀ ਔਰਤਾਂ ਲਈ ਕੋਵਿਡ ਵਿਰੋਧੀ ਟੀਕਾਕਰਨ ’ਤੇ ਇਕ ਕੌਮੀ ਪੱਧਰੀ ਕੰਸਲਟੇਸ਼ਨ ਵੀ ਕਰਵਾਈ ਗਈ ਅਤੇ ਕੰਸਲਟੇਸ਼ਨ ਵੱਲੋਂ ਨਿਰਵਿਰੋਧ ਐੱਨਟੀਏਜੀਆਈ ਦੀ ਸਿਫ਼ਾਰਿਸ਼ ਦਾ ਸਵਾਗਤ ਕੀਤਾ ਗਿਆ। ਇਸ ਕੰਸਲਟੇਸ਼ਨ ਵਿਚ ਵੱਖ ਵੱਖ ਸੂਬਾ ਸਰਕਾਰਾਂ, ਗੈਰ ਸਰਕਾਰੀ ਸੰਸਥਾਵਾਂ, ਵਿਕਾਸ ਭਾਈਵਾਲ ਏਜੰਸੀਆਂ ਦੇ ਨੁਮਾਇੰਦੇ ਅਤੇ ਤਕਨੀਕੀ ਮਾਹਿਰ ਸ਼ਾਮਲ ਸਨ। ਮੰਤਰਾਲੇ ਨੇ ਇਨ੍ਹਾਂ ਸਿਫ਼ਾਰਸ਼ਾਂ ਨੂੰ ਮੰਨਦਿਆਂ ਗਰਭਵਤੀ ਔਰਤਾਂ ਦੇ ਟੀਕਾਕਰਨ ਲਈ ਦਿਸ਼ਾ-ਨਿਰਦੇਸ਼ ਬਣਾਏ। -ਪੀਟੀਆਈ
ਸੂਬਿਆਂ ਨੂੰ ਅਗਲੇ ਤਿੰਨ ਦਿਨਾਂ ਵਿਚ ਮਿਲਣਗੀਆਂ ਵੈਕਸੀਨ ਦੀਆਂ 44.9 ਲੱਖ ਖੁਰਾਕਾਂ
ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਗਲੇ ਤਿੰਨ ਦਿਨਾਂ ਦੇ ਅੰਦਰ ਕੋਵਿਡ-19 ਵਿਰੋਧੀ ਵੈਕਸੀਨ ਦੀਆਂ 44.9 ਲੱਖ ਖੁਰਾਕਾਂ ਮਿਲ ਜਾਣਗੀਆਂ। ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹੁਣ ਤੱਕ ਸੂਬਿਆਂ ਤੇ ਯੂਟੀ’ਜ਼ ਨੂੰ ਮੁਫ਼ਤ ਜਾਂ ਸੂਬਿਆਂ ਵੱਲੋਂ ਸਿੱਧੀ ਖ਼ਰੀਦ ਕੈਟਾਗਰੀ ਤਹਿਤ ਵੈਕਸੀਨ ਦੀਆਂ 33.63 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕੀਤੀਆਂ ਜਾ ਚੁੱਕੀਆਂ ਹਨ। ਮੰਤਰਾਲੇ ਨੇ ਕਿਹਾ ਕਿ ਸਰਕਾਰ ਦੇਸ਼ ਭਰ ਵਿਚ ਕੋਵਿਡ-19 ਤੋਂ ਬਚਾਅ ਲਈ ਟੀਕਾਕਰਨ ਵਿਚ ਤੇਜ਼ੀ ਲਿਆਉਣ ਅਤੇ ਇਸ ਦਾ ਦਾਇਰਾ ਵਧਾਉਣ ਲਈ ਵਚਨਬੱਧ ਹੈ। ਟੀਕਾਕਰਨ ਦੇ ਵਿਆਪੀਕਰਨ ਦਾ ਨਵਾਂ ਪੜਾਅ 21 ਜੂਨ ਤੋਂ ਸ਼ੁਰੂ ਹੋਇਆ ਸੀ। ਬਿਆਨ ਅਨੁਸਾਰ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਟੀਕਿਆਂ ਦੀ ਸਪਲਾਈ ਵਧਾ ਕੇ, ਬਿਹਤਰ ਯੋਜਨਾ ਬਣਾ ਕੇ ਟੀਕਾਕਰਨ ਮੁਹਿੰਮ ਵਿਚ ਤੇਜ਼ੀ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। -ਪੀਟੀਆਈ