ਨਵੀਂ ਦਿੱਲੀ, 20 ਸਤੰਬਰ
ਸੁਪਰੀਮ ਕੋਰਟ ਨੇ ਗਰਭਵਤੀ ਤੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਔਰਤਾਂ ਨੂੰ ਵੱਧ ਜੋਖ਼ਮ ਵਾਲੀ ਸ਼੍ਰੇਣੀ ’ਚ ਰੱਖਦਿਆਂ ਕੋਵਿਡ-19 ਟੀਕਾਕਰਨ ਦੌਰਾਨ ਤਰਜੀਹ ਦੇਣ ਲਈ ਕੇਂਦਰ ਨੂੰ ਹਦਾਇਤਾਂ ਜਾਰੀ ਕਰਨ ਦੀ ਮੰਗ ਕਰਦੀ ਪਟੀਸ਼ਨ ’ਤੇ ਸੁਣਵਾਈ ਲਈ ਹਾਮੀ ਭਰ ਦਿੱਤੀ ਹੈ। ਜਸਟਿਸ ਡੀ.ਵਾਈ.ਚੰਦਰਚੂੜ ਤੇ ਬੀ.ਵੀ.ਨਾਗਰਥਨਾ ਦੇ ਬੈਂਚ ਨੇ ਬਾਲ ਹੱਕਾਂ ਦੀ ਸੁਰੱਖਿਆ ਬਾਰੇ ਦਿੱਲੀ ਕਮਿਸ਼ਨ (ਡੀਸੀਪੀਸੀਆਰ) ਦੀ ਪਟੀਸ਼ਨ ’ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਦੋ ਹਫ਼ਤਿਆਂ ’ਚ ਜਵਾਬ ਮੰਗ ਲਿਆ ਹੈ।
ਡੀਸੀਪੀਸੀਆਰ ਵੱਲੋਂ ਪੇਸ਼ ਐਡਵੋਕੇਟ ਵਰਿੰਦਾ ਗਰੋਵਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਗਰਭਵਤੀ ਔਰਤਾਂ ਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੇ ਟੀਕਾਕਰਨ ਲਈ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ, ਪਰ ਹੁਣ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਟੀਕਾਕਰਨ ਕਰਕੇ ਉਨ੍ਹਾਂ ਉਪਰ ਉਲਟ ਅਸਰ ਪੈ ਰਿਹਾ ਹੈ। ਗਰੋਵਰ ਨੇ ਕਿਹਾ ਕਿ ਅੱਜ ਲੋੜ ਹੈ ਕਿ ਗਰਭਵਤੀ ਤੇ ਦੁੱਧ ਪਿਲਾਉਣ ਵਾਲੀਆਂ ਔਰਤਾਂ ਨੂੰ ਉੱਚ-ਜੋਖ਼ਮ ਵਾਲੀ ਸ਼੍ਰੇਣੀਆਂ ਐਲਾਨਿਆ ਜਾਵੇ। ਉਨ੍ਹਾਂ ਕਿਹਾ ਕਿ ਲੋਕ ਅਜਿਹੇ ਵਾਇਰਸ ਨਾਲ ਜੂਝ ਰਹੇ ਹਨ, ਜਿਸ ਬਾਰੇ ਉਨ੍ਹਾਂ ਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਹੈ, ਲਿਹਾਜ਼ਾ ਟੀਕਾਕਰਨ ਦੇ ਉਨ੍ਹਾਂ ਉੱਤੇ ਪੈਣ ਵਾਲੇ ਅਸਰ ਦੀ ਲਗਾਤਾਰ ਘੋਖ ਕਰਨ ਦੀ ਲੋੜ ਹੈ। -ਪੀਟੀਆਈ