ਪਟਨਾ, 2 ਅਕਤੂਬਰ
ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ‘ਜਨ ਸੁਰਾਜ’ ਮੁਹਿੰਮ ਤਹਿਤ ਰਾਸ਼ਟਰਪਿਤਾ ਦੀ ਜੈਅੰਤੀ ਮੌਕੇ ਅੱਜ ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ’ਚ ਗਾਂਧੀ ਆਸ਼ਰਮ ਤੋਂ 3500 ਕਿਲੋਮੀਟਰ ਲੰਬੀ ਪਦਯਾਤਰਾ ਸ਼ੁਰੂ ਕੀਤੀ। ਇਸ ਮਾਰਚ ਨੂੰ ਉਨ੍ਹਾਂ ਦੇ ਸਿਆਸਤ ’ਚ ਦਾਖ਼ਲੇ ਵਜੋਂ ਦੇਖਿਆ ਜਾ ਰਿਹਾ ਹੈ। ਕਿਸ਼ੋਰ ਅਤੇ ਉਨ੍ਹਾਂ ਦੇ ਸਮਰਥਕ ਯਾਤਰਾ ਦੌਰਾਨ ਬਿਹਾਰ ਦੀ ਹਰੇਕ ਪੰਚਾਇਤ ਅਤੇ ਬਲਾਕ ’ਚ ਪਹੁੰਚਣ ਦੀ ਕੋਸ਼ਿਸ਼ ਕਰਨਗੇ ਜਿਸ ਨੂੰ ਮੁਕੰਮਲ ਹੋਣ ’ਚ 12 ਤੋਂ 15 ਮਹੀਨਿਆਂ ਦਾ ਸਮਾਂ ਲੱਗਣ ਦੀ ਸੰਭਾਵਨਾ ਹੈ। ਪ੍ਰਸ਼ਾਂਤ ਕਿਸ਼ੋਰ ਨੇ ਮਾਰਚ ਦੀ ਸ਼ੁਰੂਆਤ ਭਿਟੀਹਰਵਾ ਗਾਂਧੀ ਆਸ਼ਰਮ ਤੋਂ ਕੀਤੀ ਜਿਥੋਂ ਮਹਾਤਮਾ ਗਾਂਧੀ ਨੇ 1917 ’ਚ ਪਹਿਲਾ ਸੱਤਿਆਗ੍ਰਹਿ ਅੰਦੋਲਨ ਆਰੰਭਿਆ ਸੀ। ਯਾਤਰਾ ਤੋਂ ਪਹਿਲਾਂ ਕਿਸ਼ੋਰ ਨੇ ਟਵੀਟ ਕਰਕੇ ਕਿਹਾ ਕਿ ਉਹ ਸਭ ਤੋਂ ਗਰੀਬ ਅਤੇ ਪੱਛੜੇ ਸੂਬੇ ਬਿਹਾਰ ’ਚ ਪ੍ਰਬੰਧ ਬਦਲਣ ਲਈ ਵਚਨਬੱਧ ਹਨ। ਉਨ੍ਹਾਂ ਮੁਤਾਬਕ ਸਮਾਜ ’ਚ ਬਿਹਤਰ ਪ੍ਰਬੰਧ ਹਾਸਲ ਕਰਨ ਲਈ ਪਹਿਲਾ ਕਦਮ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ’ਚ ਪਦਯਾਤਰਾ ਹੈ। ਜਨ ਸੁਰਾਜ ਵੱਲੋਂ ਜਾਰੀ ਬਿਆਨ ਮੁਤਾਬਕ ਯਾਤਰਾ ਦਾ ਮੁੱਖ ਉਦੇਸ਼ ਜ਼ਮੀਨੀ ਪੱਧਰ ’ਤੇ ਸਹੀ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਮਹੂਰੀ ਮੰਚ ’ਤੇ ਅੱਗੇ ਲਿਆਉਣਾ ਹੈ। -ਪੀਟੀਆਈ