ਸਿਤਾਬ ਦਿਆਰਾ, 8 ਅਕਤੂਬਰ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਦਾਅਵਾ ਕੀਤਾ ਕਿ ਚੋਣ ਰਣਨੀਤੀਕਾਰ ਤੋਂ ਸਿਆਸਤਦਾਨ ਬਣੇ ਪ੍ਰਸ਼ਾਂਤ ਕਿਸ਼ੋਰ ਨੇ ਉਨ੍ਹਾਂ ਨੂੰ ਜਨਤਾ ਦਲ (ਯੂਨਾਈਟਿਡ) ਦਾ ਕਾਂਗਰਸ ’ਚ ਰਲੇਵਾਂ ਕਰਨ ਲਈ ਕਿਹਾ ਸੀ। ਸਮਾਜਵਾਦੀ ਆਗੂ ਜੈਪ੍ਰਕਾਸ਼ ਨਾਰਾਇਣ ਦੇ ਜਨਮ ਸਥਾਨ ਸਿਤਾਬ ਦਿਆਰਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਿਤੀਸ਼ ਨੇ ਦਾਅਵਾ ਕੀਤਾ ਕਿ ਕਿਸ਼ੋਰ ਭਾਜਪਾ ਲਈ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਹਾਲ ਹੀ ਵਿੱਚ ਉਹ ਆਪਣੀ ਮਰਜ਼ੀ ਨਾਲ ਮੈਨੂੰ ਮਿਲਣ ਆਏ ਸਨ। ਮੈਂ ਉਨ੍ਹਾਂ ਨੂੰ ਸੱਦਾ ਨਹੀਂ ਦਿੱਤਾ ਸੀ। ਉਹ ਬਹੁਤ ਕੁਝ ਬੋਲਦੇ ਹਨ ਪਰ ਇਸ ਤੱਥ ਨੂੰ ਛੁਪਾ ਜਾਂਦੇ ਹਨ ਕਿ ਇਕ ਵਾਰ ਉਨ੍ਹਾਂ ਨੇ ਮੈਨੂੰ ਮੇਰੀ ਪਾਰਟੀ ਦਾ ਕਾਂਗਰਸ ’ਚ ਰਲੇਵਾਂ ਕਰਨ ਲਈ ਕਿਹਾ ਸੀ।’’ ਮੁੱਖ ਮੰਤਰੀ, ਕਿਸ਼ੋਰ ਦੇ ਉਸ ਦਾਅਵੇ ’ਤੇ ਪ੍ਰਤੀਕਿਰਿਆ ਦੇ ਰਹੇ ਸਨ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਨਿਤੀਸ਼ ਕੁਮਾਰ ਦੀ ਹਾਲ ਦੀ ਜੇਡੀ(ਯੂ) ਦੀ ਅਗਵਾਈ ਕਰਨ ਸਬੰਧੀ ਬੇਨਤੀ ਨੂੰ ਉਨ੍ਹਾਂ ਨੇ ਨਕਾਰ ਦਿੱਤਾ ਸੀ। -ਪੀਟੀਆਈ