ਨਵੀਂ ਦਿੱਲੀ, 12 ਸਤੰਬਰ
ਸੀਨੀਅਰ ਕਾਂਗਰਸੀ ਆਗੂ ਐਮ. ਵੀਰੱਪਾ ਮੋਇਲੀ ਨੇ ਅੱਜ ਕਿਹਾ ਕਿ ਕੁਝ ਆਗੂਆਂ ਨੇ ਜੀ-23 ਦੀ ‘ਦੁਰਵਰਤੋਂ’ ਕੀਤੀ ਹੈ। ਜ਼ਿਕਰਯੋਗ ਹੈ ਕਿ ਮੋਇਲੀ ਉਨ੍ਹਾਂ 23 ਕਾਂਗਰਸ ਆਗੂਆਂ (ਜੀ-23) ਵਿਚੋਂ ਇਕ ਸਨ ਜਿਨ੍ਹਾਂ ਪਿਛਲੇ ਸਾਲ ਪਾਰਟੀ ਪ੍ਰਧਾਨ ਗਾਂਧੀ ਨੂੰ ਪੱਤਰ ਲਿਖ ਕੇ ਕਾਂਗਰਸ ਦੇ ਜਥੇਬੰਦਕ ਢਾਂਚੇ ਵਿਚ ਬਦਲਾਅ ਦੀ ਮੰਗ ਕੀਤੀ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇ ਕੋਈ ਆਗੂ ਹਾਲੇ ਵੀ ਆਪਣੇ ਵੱਲੋਂ ਪਾਰਟੀ ਬਾਰੇ ਵਿਚਾਰਾਂ ਨੂੰ ਅੱਗੇ ਰੱਖ ਰਿਹਾ ਹੈ ਤਾਂ ਇਹ ‘ਨਿੱਜੀ ਹਿੱਤਾਂ’ ਨਾਲ ਹੀ ਜੁੜਿਆ ਹੋਵੇਗਾ ਕਿਉਂਕਿ ਪਾਰਟੀ ਵਿਚ ਸੁਧਾਰ ਪਹਿਲਾਂ ਹੀ ਸੋਨੀਆ ਗਾਂਧੀ ਦੀ ਅਗਵਾਈ ਵਿਚ ਸ਼ੁਰੂ ਹੋ ਚੁੱਕੇ ਹਨ। ਸਾਬਕਾ ਕੇਂਦਰੀ ਮੰਤਰੀ ਨੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਕਾਂਗਰਸ ਵਿਚ ਦਾਖਲੇ ਦਾ ਵੀ ਸਮਰਥਨ ਕੀਤਾ ਤੇ ਕਿਹਾ ਕਿ ਜਿਹੜੇ ਉਸ ਦੇ ਪਾਰਟੀ ਵਿਚ ਆਉਣ ਦਾ ਵਿਰੋਧ ਕਰ ਰਹੇ ਹਨ ਉਹ ‘ਸੁਧਾਰਾਂ ਦੇ ਖ਼ਿਲਾਫ਼’ ਹਨ। ਇਕ ਇੰਟਰਵਿਊ ਵਿਚ ਮੋਇਲੀ ਨੇ ਕਿਹਾ ਕਿ ‘ਸਾਡੇ (ਜੀ-23) ਵਿਚੋਂ ਕੁਝ ਨੇ ਆਪਣੇ ਦਸਤਖ਼ਤ ਪੱਤਰ ਉਤੇ ਇਸ ਲਈ ਕੀਤੇ ਸਨ ਕਿਉਂਕਿ ਅਸੀਂ ਪਾਰਟੀ ਦੇ ਅੰਦਰ ਸੁਧਾਰ, ਪਾਰਟੀ ਦੀ ਮੁੜ ਉਸਾਰੀ ਦੇ ਹੱਕ ਵਿਚ ਸੀ, ਨਾ ਕਿ ਪਾਰਟੀ ਨੂੰ ਖ਼ਤਮ ਕਰਨ ਲਈ ਇਹ ਸਭ ਕੀਤਾ ਸੀ। ਸਾਡੇ ਕੁਝ ਆਗੂਆਂ ਨੇ ਜੀ-23 ਦੀ ਦੁਰਵਰਤੋਂ ਕੀਤੀ। ਜਿਵੇਂ ਹੀ ਸੋਨੀਆ ਗਾਂਧੀ ਨੇ ਜ਼ਮੀਨੀ ਪੱਧਰ ਤੋਂ ਪਾਰਟੀ ਵਿਚ ਸੁਧਾਰਾਂ ਬਾਰੇ ਸੋਚਿਆ, ਅਸੀਂ ਜੀ-23 ਦਾ ਵਿਚਾਰ ਤਿਆਗ ਕੀਤਾ।’ ਮੋਇਲੀ ਨੇ ਹਾਲਾਂਕਿ ਕਿਸੇ ਆਗੂ ਦਾ ਨਾਂ ਨਹੀਂ ਲਿਆ। ਮੋਇਲੀ ਨੇ ਕਿਹਾ ਕਿ ਪਾਰਟੀ ਮੁਖੀ ਸੋਨੀਆ ਗਾਂਧੀ ਦੀ ਅਗਵਾਈ ਵਿਚ ਸੁਧਾਰਾਂ ਦੀ ਪ੍ਰਕਿਰਿਆ ਸ਼ੁਰੂ ਹੋਣ ’ਤੇ ਜੀ-23 ਦੀ ‘ਕੋਈ ਭੂਮਿਕਾ ਨਹੀਂ ਰਹੀ ਤੇ ਇਹ ਪੂਰੀ ਤਰ੍ਹਾਂ ਮਹੱਤਵਹੀਣ ਹੋ ਗਿਆ ਹੈ। ਹੁਣ ਵੀ ਜੇ ਕੋਈ ਆਗੂ ਜੀ-23 ਦੇ ਵਿਚਾਰ ਨਾਲ ਜੁੜਿਆ ਹੋਇਆ ਹੈ ਤਾਂ ਇਸ ਦਾ ਮਤਲਬ ਉਸ ਦੇ ਕੁਝ ਨਿੱਜੀ ਹਿੱਤ ਹੋ ਸਕਦੇ ਹਨ ਜੋ ਕਿ ਕਾਂਗਰਸ ਪਾਰਟੀ ਦੇ ਖ਼ਿਲਾਫ਼ ਕੰਮ ਕਰ ਰਹੇ ਹਨ। ਪਾਰਟੀ ਇਨ੍ਹਾਂ ਨੂੰ ਮਾਨਤਾ ਨਹੀਂ ਦਿੰਦੀ ਤੇ ਵਿਰੋਧ ਕਰਦੀ ਹੈ।’ ਉਨ੍ਹਾਂ ਕਿਹਾ ਕਿ ਜੇ ਕੋਈ ਵੀ ਭਵਿੱਖ ਵਿਚ ਜੀ-23 ਦੇ ਮੰਚ ਦੀ ਵਰਤੋਂ ਕਰਦਾ ਹੈ ਤਾਂ ਉਹ ਕਾਂਗਰਸ ਦੇ ਖ਼ਿਲਾਫ਼ ਕੰਮ ਕਰ ਰਿਹਾ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੀ ਕਾਰਵਾਈ ਵਿਰੋਧੀਆਂ ਨੂੰ ਲਾਭ ਦੇਵੇਗੀ। ਮੋਇਲੀ ਨੇ ਕਿਹਾ ਕਿ ਇਹ ਸੁਝਾਅ ਦਿੱਤਾ ਗਿਆ ਹੈ ਕਿ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਵਿਚ ਸ਼ਾਮਲ ਹੋਣ ਤੇ ਅੰਦਰੋਂ ਸੁਧਾਰ ਅਮਲ ਵਿਚ ਲਿਆਉਣ। ਮੋਇਲੀ ਨੇ ਕਿਹਾ ਕਿ ਕਿਸ਼ੋਰ ਦੇ ਦਾਖਲੇ ਦਾ ਵਿਰੋਧ ਕਾਂਗਰਸ ਦੇ ਅੰਦਰੋਂ ਨਾ ਹੋਵੇ, ਕਿਉਂਕਿ ਇਹ ਮਸਲਾ ਫ਼ਿਲਹਾਲ ਦੇਸ਼ ਤੇ ਕਾਂਗਰਸ ਲਈ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੀ ਇਹੀ ਚਾਹੁੰਦੇ ਹਨ। ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕਿਸ਼ੋਰ ਨੂੰ ਕਾਂਗਰਸ ਵਿਚ ਸ਼ਾਮਲ ਕਰਨ ਬਾਰੇ ਆਖ਼ਰੀ ਫ਼ੈਸਲਾ ਜਲਦੀ ਲੈਣਗੇ ਤੇ ਇਸ ਬਾਰੇ ਕਈ ਸੀਨੀਅਰ ਆਗੂਆਂ ਨਾਲ ਵਿਚਾਰ-ਚਰਚਾ ਕੀਤੀ ਜਾ ਰਹੀ ਹੈ।
‘ਸਰਕਾਰ ਸਿਰਫ਼ ਇਕ ਖਾਸ ਵਰਗ ਲਈ ਹੀ ਕੰਮ ਨਹੀਂ ਕਰ ਸਕਦੀ’
ਕਾਂਗਰਸ ਆਗੂ ਵੀਰੱਪਾ ਮੋਇਲੀ ਨੇ ਕਿਹਾ ਕਿ ‘ਜੋ ਵੀ ਹੋਵੇ ਸਰਕਾਰ ਲੋਕਾਂ ਦੇ ਕਿਸੇ ਖਾਸ ਗਰੁੱਪ ਦੇ ਹਿੱਤ ਲਈ ਹੀ ਕੰਮ ਨਹੀਂ ਕਰ ਸਕਦੀ, ਜਾਂ ਕਿਸੇ ਇਕ ਜਾਤੀ ਜਾਂ ਧਰਮ ਲਈ ਕੰਮ ਨਹੀਂ ਕੀਤਾ ਜਾ ਸਕਦਾ, ਅਜਿਹਾ ਨਹੀਂ ਹੋ ਸਕਦਾ। ਲੋਕ ਜੇ ਚੁੱਪ ਹਨ ਤਾਂ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਸਿਆਸੀ ਕ੍ਰਾਂਤੀ ਨਹੀਂ ਲਿਆ ਸਕਦੇ। ਉਹ ਲਿਆ ਸਕਦੇ ਹਨ ਪਰ ਇਹ ਕਾਂਗਰਸ ਦੀ ਅਗਵਾਈ ਵਿਚ ਹੀ ਸੰਭਵ ਹੈ।’ ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਦਾ ਸੰਵਿਧਾਨ ਐਨਡੀਏ ਦੇ ਕਾਰਜਕਾਲ ਵਿਚ ਖ਼ਤਰੇ ਵਿਚ ਹੈ। -ਪੀਟੀਆਈ
‘ਕਾਂਗਰਸ ਭਾਰਤ ਦੀ ਸਿਆਸਤ ਦਾ ਆਧਾਰ’
ਸੀਨੀਅਰ ਆਗੂ ਵੀਰੱਪਾ ਮੋਇਲੀ ਨੇ ਕਿਹਾ ਕਿ ਕਾਂਗਰਸ ਭਾਰਤ ਦੀ ਰਾਜਨੀਤੀ ਦੀ ਤਾਕਤ ਦਾ ਅਧਾਰ ਹੈ। ਮੋਇਲੀ ਨੂੰ ਜਦੋਂ ਪੁੱਛਿਆ ਗਿਆ ਕਿ ਕੀ 2024 ਵਿਚ ਕਾਂਗਰਸ ਵਿਰੋਧੀ ਧਿਰ ਦੇ ਗੱਠਜੋੜ ਦਾ ਵੀ ਅਧਾਰ ਹੋਵੇਗੀ ਤਾਂ ਉਨ੍ਹਾਂ ਦਾ ਜਵਾਬ ਹਾਂ-ਪੱਖੀ ਸੀ। ਮੋਇਲੀ ਨੇ ਕਿਹਾ ਕਿ ਕਾਂਗਰਸ ਕਿਸੇ ਇਕ ਪਰਿਵਾਰ ਦੇ ਲਾਭ ਲਈ ਕੰਮ ਨਹੀਂ ਕਰ ਰਹੀ ਹੈ, ਸੋਨੀਆ ਗਾਂਧੀ ਨੇ ਮੁਲਕ ਲਈ ਬਹੁਤ ਕੁਰਬਾਨੀਆਂ ਕੀਤੀਆਂ ਹਨ ਤੇ ਕਦੇ ਅਹੁਦਿਆਂ ਮਗਰ ਨਹੀਂ ਪਏ। ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਉਣ ਬਾਰੇ ਪੁੱਛੇ ਜਾਣ ’ਤੇ ਮੋਇਲੀ ਨੇ ਕਿਹਾ ਕਿ ਉਹ ਇਸ ਅਹੁਦੇ ਲਈ ਪੂਰੀ ਤਰ੍ਹਾਂ ਯੋਗ ਹਨ ਪਰ ਫ਼ਿਲਹਾਲ ਪਾਰਟੀ ਦਾ ਧਿਆਨ ਪੁਨਰਗਠਨ ਤੇ ਜ਼ਮੀਨੀ ਪੱਧਰ ਉਤੇ ਸੁਧਾਰਾਂ ਉਤੇ ਹੈ।
ਕੇਂਦਰ ਸਰਕਾਰ ਦੇ ਵਿਕਾਸ ਨੇ ‘ਐਤਵਾਰ-ਸੋਮਵਾਰ’ ਦਾ ਫਰਕ ਖਤਮ ਕੀਤਾ: ਰਾਹੁਲ
ਨਵੀਂ ਦਿੱਲੀ: ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਅੱਜ ਰੁਜ਼ਗਾਰ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਂਦਰ ਦੇ ਸ਼ਾਸਨ ਅਧੀਨ ਹਫ਼ਤਾਵਾਰੀ ਛੁੱਟੀ ਅਤੇ ਕੰਮ ਦੇ ਦਿਨਾਂ ਵਿਚਾਲੇ ਫਰਕ ਖਤਮ ਹੋ ਗਿਆ ਹੈ, ਕਿਉਂਕਿ ਲੋਕਾਂ ਕੋਲ ‘ਨੌਕਰੀਆਂ ਹੀ ਨਹੀਂ ਹਨ।’ ਉਨ੍ਹਾਂ ਨੇ ਟਵਿੱਟਰ ’ਤੇ ਅਮਰੀਕਾ ਦੀ ਮੁੱਖ ਵਾਹਨ ਨਿਰਮਾਤਾ ਕੰਪਨੀ ਫੋਰਡ ਵੱਲੋਂ ਭਾਰਤ ਵਿੱਚ ਵਾਹਨਾਂ ਦਾ ਨਿਰਮਾਣ ਬੰਦ ਕਰਨ ਦੇ ਐਲਾਨ ਸਬੰਧੀ ਇੱਕ ਮੀਡੀਆ ਰਿਪੋਰਟ ਟੈਗ ਕੀਤੀ, ਜਿਸ ਵਿੱਚ ਉਦਯੋਗ ਦੇ ਅੰਦਰਲੇ ਇੱਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ 4,000 ਤੋਂ ਵੱਧ ਛੋਟੀਆਂ ਫਰਮਾਂ ਬੰਦ ਹੋ ਸਕਦੀਆਂ ਹਨ। ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਭਾਜਪਾ ਸਰਕਾਰ ਦਾ ਵਿਕਾਸ ਅਜਿਹਾ ਹੈ ਕਿ ‘ਐਤਵਾਰ-ਸੋਮਵਾਰ ਦਾ ਫਰਕ ਹੀ ਖ਼ਤਮ ਕਰ ਦਿੱਤਾ।’ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘ਜਦੋਂ ਨੌਕਰੀਆਂ ਹੀ ਨਹੀਂ ਹਨ ਤਾਂ ਫਿਰ ਐਤਵਾਰ-ਸੋਮਵਾਰ ਦਾ ਕੋਈ ਮਤਲਬ ਹੀ ਨਹੀਂ ਹੈ।’ -ਪੀਟੀਆਈ