ਨਵੀਂ ਦਿੱਲੀ, 23 ਜੂਨ
ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਸੁਪਰੀਮੋ ਸ਼ਰਦ ਪਵਾਰ ਨਾਲ ਅੱਜ ਇਥੇ ਮੁਲਾਕਾਤ ਕੀਤੀ। ਇਹ ਮੁਲਾਕਾਤ ਉਸ ਸਮੇਂ ਹੋਈ ਹੈ ਜਦੋਂ ਇਕ ਦਿਨ ਪਹਿਲਾਂ ਅੱਠ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਸ਼ਰਦ ਪਵਾਰ ਦੀ ਰਿਹਾਇਸ਼ ’ਤੇ ਬੈਠਕ ਕਰਕੇ ਮੁਲਕ ਨੂੰ ਦਰਪੇਸ਼ ਵੱਖ ਵੱਖ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਸੀ।
ਸੂਤਰਾਂ ਮੁਤਾਬਕ ਸ੍ਰੀ ਪਵਾਰ ਦੀ ਰਿਹਾਇਸ਼ ’ਤੇ ਬੰਦ ਦਰਵਾਜ਼ਾ ਬੈਠਕ ਕਰੀਬ ਇਕ ਘੰਟੇ ਤੱਕ ਚੱਲੀ। ਪਿਛਲੇ 15 ਦਿਨਾਂ ’ਚ ਪ੍ਰਸ਼ਾਂਤ ਕਿਸ਼ੋਰ ਅਤੇ ਸ਼ਰਦ ਪਵਾਰ ਦੀ ਇਹ ਤੀਜੀ ਬੈਠਕ ਹੈ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਤ੍ਰਿਣਮੂਲ ਕਾਂਗਰਸ ਨੂੰ ਜ਼ਬਰਦਸਤ ਜਿੱਤ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਿਸ਼ੋਰ ਨੇ 11 ਜੂਨ ਨੂੰ ਮੁੰਬਈ ’ਚ ਪਵਾਰ ਨਾਲ ਮੁਲਾਕਾਤ ਕਰਕੇ ਦੁਪਹਿਰ ਦਾ ਭੋਜਨ ਕੀਤਾ ਸੀ। ਇਸ ਮਗਰੋਂ ਬੀਤੇ ਸੋਮਵਾਰ ਨੂੰ ਉਹ ਦਿੱਲੀ ’ਚ ਐੱਨਸੀਪੀ ਦੇ ਮੁਖੀ ਨਾਲ ਮਿਲੇ ਸਨ। ਸ੍ਰੀ ਪਵਾਰ ਨਾਲ ਮੀਟਿੰਗਾਂ ਤੋਂ ਕਿਆਸਾਂ ਲੱਗ ਰਹੀਆਂ ਹਨ ਕਿ ਵਿਰੋਧੀ ਧਿਰਾਂ ਭਾਜਪਾ ਖ਼ਿਲਾਫ਼ ਤੀਜਾ ਮੋਰਚਾ ਬਣਾਉਣ ਲਈ ਸਰਗਰਮ ਹੋ ਰਹੀਆਂ ਹਨ। ਸਾਬਕਾ ਕੇਂਦਰੀ ਮੰਤਰੀ ਨੇ ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਆਮ ਆਦਮੀ ਪਾਰਟੀ, ਰਾਸ਼ਟਰੀ ਲੋਕ ਦਲ ਅਤੇ ਖੱਬੇ-ਪੱਖੀ ਪਾਰਟੀਆਂ ਸਮੇਤ ਅੱਠ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਮੰਗਲਵਾਰ ਨੂੰ ਮੀਟਿੰਗ ਦੀ ਮੇਜ਼ਬਾਨੀ ਕੀਤੀ ਸੀ। ਬੈਠਕ ’ਚ ਹਾਜ਼ਰ ਆਗੂਆਂ ਨੇ ਕਿਹਾ ਸੀ ਕਿ ਇਹ ਟੀਐੱਮਸੀ ਦੇ ਮੀਤ ਪ੍ਰਧਾਨ ਯਸ਼ਵੰਤ ਸਿਨਹਾ ਅਤੇ ਹੋਰਾਂ ਵੱਲੋਂ ਬਣਾਏ ਗਏ ‘ਗ਼ੈਰ-ਸਿਆਸੀ’ ਰਾਸ਼ਟਰੀ ਮੰਚ ਦੀ ਬੈਠਕ ਸੀ। ਮੀਟਿੰਗ ਦੌਰਾਨ ਸਾਬਕਾ ਕਾਂਗਰਸ ਆਗੂ ਸੰਜੈ ਝਾਅ ਅਤੇ ਜਨਤਾ ਦਲ (ਯੂ) ਦੇ ਸਾਬਕਾ ਆਗੂ ਪਵਨ ਵਰਮਾ ਨੇ ਵੀ ਹਿੱਸਾ ਲਿਆ ਸੀ। ਉਨ੍ਹਾਂ ਤੋਂ ਇਲਾਵਾ ਬੈਠਕ ’ਚ ਜਾਵੇਦ ਅਖ਼ਤਰ, ਸਾਬਕਾ ਸਫ਼ੀਰ ਕੇ ਸੀ ਸਿੰਘ ਅਤੇ ਜਸਟਿਸ (ਸੇਵਾਮੁਕਤ) ਏ ਪੀ ਸ਼ਾਹ ਵੀ ਹਾਜ਼ਰ ਸਨ। -ਪੀਟੀਆਈ