ਨਵੀਂ ਦਿੱਲੀ, 31 ਅਗਸਤ
ਸੁਪਰੀਮ ਕੋਰਟ ਨੇ ਅਦਾਲਤੀ ਹੱਤਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਸਮਾਜਿਕ ਕਾਰਕੁਨ ਤੇ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਇਕ ਰੁਪਏ ਦਾ ਜੁਰਮਾਨਾ ਲਾਇਆ ਹੈ। ਭੂਸ਼ਣ ਨੂੰ ਇਹ ਜੁਰਮਾਨਾ 15 ਸਤੰਬਰ ਤਕ ਅਦਾ ਕਰਨਾ ਹੋਵੇਗਾ ਤੇ ਨਾਕਾਮ ਰਹਿਣ ਦੀ ਸੂਰਤ ਵਿੱਚ ਭੂਸ਼ਣ ਨੂੰ ਤਿੰਨ ਮਹੀਨੇ ਦੀ ਜੇਲ੍ਹ ਜਾਂ ਤਿੰਨ ਸਾਲ ਲਈ ਵਕੀਲ ਵਜੋਂ ਕੰਮ ਕਰਨ ’ਤੇ ਰੋਕ ਲੱਗੇਗੀ। ਚੇਤੇ ਰਹੇ ਕਿ ਸੁਪਰੀਮ ਕੋਰਟ ਨੇ ਭੂਸ਼ਣ ਨੂੰ ਦੋੋਸ਼ੀ ਠਹਿਰਾਉਣ ਮਗਰੋਂ ਸਜ਼ਾ ਦਾ ਫੈਸਲਾ ਰਾਖਵਾਂ ਰੱਖ ਲਿਆ ਸੀ। ਸੁਪਰੀਮ ਕੋਰਟ ਨੇ ਉਦੋਂ ਕਿਹਾ ਸੀ ਕਿ ਜੇਕਰ ਭੂਸ਼ਣ ਮੁਆਫ਼ੀ ਮੰਗੇ ਤਾਂ ਉਹ ਊਸ ਨਾਲ ਨਰਮੀ ਵਰਤ ਸਕਦੇ ਹਨ। ਹਾਲਾਂਕਿ ਪ੍ਰਸ਼ਾਂਤ ਭੂਸ਼ਣ ਨੇ ਇਹ ਕਹਿੰਦਿਆਂ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਇਹ ਉਨ੍ਹਾਂ ਦੇ ਜ਼ਮੀਰ ਨਾਲ ਧੋਖਾ ਕਰਨਾ ਹੋਵੇਗਾ। ਚੇਤੇ ਰਹੇ ਕਿ ਪ੍ਰਸ਼ਾਂਤ ਭੂਸ਼ਣ ਨੇ ਦੋ ਟਵੀਟਾਂ ਰਾਹੀਂ ਭਾਰਤ ਦੇ ਚੀਫ਼ ਜਸਟਿਸ ਐੱਸ.ਏ.ਬੋਬੜੇ ਤੇ ਸੁਪਰੀਮ ਕੋਰਟ ਦੀ ਨੁਕਤਾਚੀਨੀ ਕੀਤੀ ਸੀ।