ਪਣਜੀ, 21 ਮਾਰਚ
ਪ੍ਰਮੋਦ ਸਾਵੰਤ ਨੂੰ ਅੱਜ ਗੋਆ ਵਿਚ ਭਾਜਪਾ ਵਿਧਾਇਕ ਦਲ ਨੇ ਆਪਣਾ ਆਗੂ ਚੁਣ ਲਿਆ। ਇਸ ਤਰ੍ਹਾਂ ਲਗਾਤਾਰ ਦੂਜੀ ਵਾਰ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਇੱਥੇ ਅੱਜ ਹੋਈ ਬੈਠਕ ਵਿਚ ਭਾਜਪਾ ਦੇ ਵਿਧਾਇਕ ਤੇ ਸੀਨੀਅਰ ਭਾਜਪਾ ਆਗੂ ਹਾਜ਼ਰ ਸਨ। ਭਾਜਪਾ ਨੇ ਗੋਆ ਲਈ ਨਰੇਂਦਰ ਸਿੰਘ ਤੋਮਰ ਤੇ ਐਲ. ਮੁਰੂਗਨ ਨੂੰ ਆਬਜ਼ਰਵਰ ਬਣਾਇਆ ਸੀ। ਚੋਣ ਇੰਚਾਰਜ ਦੇਵੇਂਦਰ ਫੜਨਵੀਸ ਨੂੰ ਬਣਾਇਆ ਗਿਆ ਸੀ। ਤੋਮਰ ਨੇ ਮੀਡੀਆ ਨੂੰ ਦੱਸਿਆ ਕਿ ਸਾਵੰਤ ਨੂੰ ਸਦਨ ਦਾ ਆਗੂ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ। ਤੋਮਰ ਨੇ ਦੱਸਿਆ ਕਿ ਵਿਧਾਇਕ ਵਿਸ਼ਵਾਜੀਤ ਰਾਣੇ ਨੇ ਸਾਵੰਤ ਦੇ ਨਾਂ ਦੀ ਤਜਵੀਜ਼ ਰੱਖੀ ਸੀ ਜਿਸ ਉਤੇ ਭਾਜਪਾ ਵਿਧਾਇਕ ਦਲ ਨੇ ਮੋਹਰ ਲਾ ਦਿੱਤੀ। ਉਨ੍ਹਾਂ ਨੂੰ ਸਰਬਸੰਮਤੀ ਨਾਲ ਨੇਤਾ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹੁਣ ਗੋਆ ਵਿਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗੀ। ਗੋਆ ਵਿਚ ਭਾਜਪਾ ਨੇ 40 ਵਿਚੋਂ 20 ਸੀਟਾਂ ਜਿੱਤੀਆਂ ਹਨ। ਇਸ ਨੂੰ ਐਮਜੀਪੀ ਦੇ ਦੋ ਵਿਧਾਇਕਾਂ ਤੇ ਤਿੰਨ ਆਜ਼ਾਦ ਵਿਧਾਇਕਾਂ ਦੀ ਹਮਾਇਤ ਹਾਸਲ ਹੈ। -ਪੀਟੀਆਈ