ਭੋਪਾਲ, 2 ਜੁਲਾਈ
ਅਕਸਰ ਵ੍ਹੀਲਚੇਅਰ ’ਤੇ ਦਿਖਾਈ ਦੇਣ ਵਾਲੀ ਤੇ ਭੋਪਾਲ ਤੋਂ ਭਾਜਪਾ ਦੀ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਦੀ ਬੀਤੇ ਦਿਨ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ’ਚ ਉਹ ਬਾਸਕਟ ਬਾਲ ਖੇਡਦੀ ਨਜ਼ਰ ਆ ਰਹੀ ਹੈ। ਇਸ ’ਤੇ ਵਿਰੋਧੀ ਧਿਰ ਕਾਂਗਰਸ ਨੇ ਤਨਜ਼ ਕੱਸਿਆ ਹੈ। ਜ਼ਿਕਰਯੋਗ ਹੈ ਕਿ ਪ੍ਰੱਗਿਆ ਠਾਕੁਰ ਬੀਤੇ ਦਿਨ ਸ਼ਹਿਰ ਦੇ ਸ਼ਕਤੀ ਨਗਰ ਦੇ ਬਾਸਕਟ ਬਾਲ ਮੈਦਾਨ ’ਚ ਪੌਦਾ ਲਾਉਣ ਸਬੰਧੀ ਸਮਾਗਮ ’ਚ ਸ਼ਾਮਲ ਹੋਣ ਪਹੁੰਚੀ ਸੀ। ਮੈਦਾਨ ’ਤੇ ਖਿਡਾਰੀਆਂ ਨੂੰ ਅਭਿਆਸ ਕਰਦੇ ਦੇਖ ਕੇ ਉਹ ਉਨ੍ਹਾਂ ਦਰਮਿਆਨ ਪਹੁੰਚ ਗਈ ਅਤੇ ਬਾਸਕਟ ਬਾਲ ਚੁੱਕ ਕੇ 15-20 ਵਾਰ ਜ਼ਮੀਨ ’ਤੇ ਪਟਕਦਿਆਂ ਕਰੀਬ 20 ਕਦਮ ਤੇਜ਼ੀ ਨਾਲ ਚੱਲੀ ਤੇ ਲੱਗੀ ਬਾਲ ਨੈੱਟ ’ਚ ਪਾ ਦਿੱਤੀ। ਇਸ ’ਤੇ ਉੱਥੇ ਮੌਜੂਦ ਲੋਕਾਂ ਨੇ ਤਾੜੀਆਂ ਵਜਾਈਆਂ। ਇਸ ’ਤੇ ਮੱਧ ਪ੍ਰਦੇਸ਼ ਕਾਂਗਰਸ ਦੇ ਆਗੂ ਨਰੇਂਦਰ ਸਲੂਜਾ ਨੇ ਕਿਹਾ, ‘ਭੋਪਾਲ ਤੋਂ ਭਾਜਪਾ ਦੀ ਸੰਸਦ ਮੈਂਬਰ ਸਾਧਵੀ ਠਾਕੁਰ ਨੂੰ ਹੁਣ ਤੱਕ ਵ੍ਹੀਲਚੇਅਰ ’ਤੇ ਹੀ ਦੇਖਿਆ ਗਿਆ ਸੀ ਪਰ ਅੱਜ ਉਨ੍ਹਾਂ ਨੂੰ ਭੋਪਾਲ ਦੇ ਸਟੇਡੀਅਮ ’ਚ ਬਾਸਕਟਬਾਲ ’ਤੇ ਹੱਥ ਅਜ਼ਮਾਉਂਦਿਆਂ ਦੇਖਿਆ ਤਾਂ ਬੜੀ ਖੁਸ਼ੀ ਹੋਈ।’ -ਪੀਟੀਆਈ