ਨਵੀਂ ਦਿੱਲੀ, 4 ਅਗਸਤ
ਕੇਂਦਰੀ ਲੋਕ ਸੇਵਾ ਕਮਿਸ਼ਨ ਵੱਲੋਂ ਅੱਜ ਐਲਾਨੇ ਗਏ ਸਿਵਲ ਸੇਵਾਵਾਂ ਪ੍ਰੀਖਿਆ ਦੇ ਨਤੀਜਿਆਂ ’ਚ ਆਈਆਰਐੱਸ ਅਫ਼ਸਰ ਪ੍ਰਦੀਪ ਸਿੰਘ ਨੇ ਬਾਜ਼ੀ ਮਾਰ ਲਈ ਹੈ। ਪਹਿਲੇ ਤਿੰਨ ਸਥਾਨਾਂ ’ਤੇ ਆਉਣ ਵਾਲੇ ਉਮੀਦਵਾਰ- ਪ੍ਰਦੀਪ ਸਿੰਘ, ਜਤਿਨ ਕਿਸ਼ੋਰ ਤੇ ਪ੍ਰਤਿਭਾ ਵਰਮਾ ਇਸ ਸਮੇਂ ਅਫ਼ਸਰਾਂ ਵਜੋਂ ਸੇਵਾਵਾਂ ਨਿਭਾ ਰਹੇ ਹਨ। ਪ੍ਰਦੀਪ ਸਿੰਘ ਹਰਿਆਣਾ, ਜਤਿਨ ਕਿਸ਼ੋਰ ਦਿੱਲੀ ਅਤੇ ਪ੍ਰਤਿਭਾ ਵਰਮਾ ਉੱਤਰ ਪ੍ਰਦੇਸ਼ ਨਾਲ ਸਬੰਧਤ ਹਨ। ਸੋਨੀਪਤ ’ਚ ਪੀਟੀਆਈ ਨਾਲ ਫੋਨ ’ਤੇ ਗੱਲ ਕਰਦਿਆਂ ਪ੍ਰਦੀਪ ਸਿੰਘ ਨੇ ਕਿਹਾ,‘ਇੰਜ ਲੱਗਦਾ ਹੈ ਜਿਵੇਂ ਮੇਰਾ ਸੁਪਨਾ ਪੂਰਾ ਹੋ ਗਿਆ ਹੋਵੇ। ਮੈਂ ਹਮੇਸ਼ਾਂ ਇੱਕ ਆਈਏਐੱਸ ਅਫ਼ਸਰ ਬਣਨਾ ਚਾਹੁੰਦਾ ਸਾਂ। ਮੈਂ ਸਮਾਜ ਦੇ ਕਮਜ਼ੋਰ ਵਰਗਾਂ ਦੇ ਲੋਕਾਂ ਲਈ ਕੰਮ ਕਰਨਾ ਚਾਹਾਂਗਾ।’ ਪ੍ਰਦੀਪ 2019 ਬੈਚ ਦਾ ਆਈ ਆਰਐੱਸ ਅਫ਼ਸਰ ਹੈ ਤੇ ਫਰੀਦਾਬਾਦ ਵਿੱਚ ਸਥਿਤ ‘ਨੈਸ਼ਨਲ ਅਕੈਡਮੀ ਆਫ਼ ਕਸਟਮਜ਼, ਇਨਡਾਇਰੈਕਟ ਟੈਕਸਿਸ ਐਂਡ ਨਾਰਕੋਟਿਕਸ’ ਵਿੱਚ ਪ੍ਰੋਬੇਸ਼ਨ ’ਤੇ ਹੈ। ਜਤਿਨ ਕਿਸ਼ੋਰ (26) 2018 ਬੈਚ ਦੇ ਆਈਈਐੱਸ ਸਰਵਿਸ ਦੇ ਅਧਿਕਾਰੀ ਹਨ ਤੇ ਪੇਂਡੂ ਵਿਕਾਸ ਮੰਤਰਾਲੇ ਵਿੱਚ ਅਸਿਸਟੈਂਟ ਡਾਇਰੈਕਟਰ ਵਜੋਂ ਕੰਮ ਕਰ ਰਹੇ ਹਨ। ਤੀਜੇ ਸਥਾਨ ’ਤੇ ਰਹਿਣ ਵਾਲੀ ਪ੍ਰਤਿਭਾ ਵਰਮਾ ਆਈਆਰਐੱਸ ਅਧਿਕਾਰੀ ਹਨ ਜਿਨ੍ਹਾਂ ਦਾ ਸੁਪਨਾ ਬਚਪਨ ਤੋਂ ਹੀ ਆਈਏਐੱਸ ਬਣਨਾ ਸੀ। ਸਿਵਲ ਸੇਵਾਵਾਂ ਦੇ ਨਾਲ ਆਈਏਐੱਸ, ਆਈਐੱਫਐੱਸ ਤੇ ਆਈਪੀਐੱਸ ਲਈ ਕੁੱਲ 829 ਉਮੀਦਵਾਰਾਂ ਦੇ ਨਾਵਾਂ ਦੀ ਸਿਫਾਰਸ਼ ਕੀਤੀ ਗਈ ਹੈ। 11 ਉਮੀਦਵਾਰਾਂ ਦਾ ਨਤੀਜਾ ਅਜੇ ਨਹੀਂ ਐਲਾਨਿਆ ਗਿਆ ਹੈ। -ਪੀਟੀਆਈ