ਨਵੀਂ ਦਿੱਲੀ, 16 ਅਗਸਤ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਮੁਸਲਮਾਨਾਂ ਵਿੱਚ ‘ਤਲਾਕ-ਏ-ਹਸਨ’ ਜ਼ਰੀਏ ਤਲਾਕ ਦੇਣ ਦੀ ਪ੍ਰਥਾ ਤੀਹਰੇ ਤਲਾਕ ਵਾਂਗ ਨਹੀਂ ਹੈ ਅਤੇ ਔਰਤਾਂ ਕੋਲ ਵੀ ‘ਖੁਲਾ’ ਦਾ ਬਦਲ ਹੈ। ਤਿੰਨ ਤਲਾਕ ਵਾਂਗ ‘ਤਲਾਕ-ਏ-ਹਸਨ’ ਵੀ ਤਲਾਕ ਦੇਣ ਦਾ ਇੱਕ ਤਰੀਕਾ ਹੈ, ਪਰ ਇਸ ਵਿੱਚ ਤਿੰਨ ਮਹੀਨਿਆਂ ਵਿੱਚ ਤਿੰਨ ਵਾਰ ਇੱਕ ਤੈਅ ਵਕਫ਼ੇ ਮਗਰੋਂ ਤਲਾਕ ਬੋਲ ਕੇ ਰਿਸ਼ਤਾ ਖ਼ਤਮ ਕੀਤਾ ਜਾਂਦਾ ਹੈ। ਇਸਲਾਮ ਵਿੱਚ ਪੁਰਸ਼ ‘ਤਲਾਕ’ ਲੈ ਸਕਦਾ ਹੈ, ਜਦਕਿ ਕੋਈ ਔਰਤ ‘ਖੁਲਾ’ ਜ਼ਰੀਏ ਆਪਣੇ ਪਤੀ ਤੋਂ ਵੱਖ ਹੋ ਸਕਦੀ ਹੈ। ਜਸਟਿਸ ਐੱਸ ਕੇ ਕੌਲ ਅਤੇ ਜਸਟਿਸ ਐੱਮ ਐੱਮ ਸੁੰਦਰੇਸ਼ ਦੀ ਬੈਂਚ ਨੇ ਕਿਹਾ ਕਿ ਜੇਕਰ ਪਤੀ ਅਤੇ ਪਤਨੀ ਇਕੱਠੇ ਨਹੀਂ ਰਹਿ ਸਕਦੇ ਤਾਂ ਰਿਸ਼ਤਾ ਤੋੜਨ ਦੇ ਇਰਾਦੇ ਵਿੱਚ ਬਦਲਾਅ ਨਾ ਹੋਣ ਦੇ ਆਧਾਰ ’ਤੇ ਸੰਵਿਧਾਨ ਦੀ ਧਾਰਾ 142 ਤਹਿਤ ਤਲਾਕ ਦਿੱਤਾ ਜਾ ਸਕਦਾ ਹੈ। –ਪੀਟੀਆਈ