ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 28 ਜਨਵਰੀ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਵੱਲੋਂ 10ਵੀਂ ਤੇ 12ਵੀਂ ਟਰਮ-2 ਦੀਆਂ ਬੋਰਡ ਪ੍ਰੀਖਿਆਵਾਂ ਮਾਰਚ-ਅਪਰੈਲ ਵਿੱਚ ਕਰਵਾਈਆਂ ਜਾਣਗੀਆਂ, ਜਿਸ ਦੀ ਡੇਟਸ਼ੀਟ ਅਗਲੇ ਹਫ਼ਤੇ ਜਾਰੀ ਹੋਵੇਗੀ। ਬੋਰਡ ਵੱਲੋਂ ਇਨ੍ਹਾਂ ਜਮਾਤਾਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਫਰਵਰੀ ਦੇ ਅਖੀਰ ਵਿਚ ਕਰਵਾਏ ਜਾਣ ਦੀ ਯੋਜਨਾ ਹੈ, ਜਿਸ ਦੀਆਂ ਤਾਰੀਕਾਂ ਵੀ ਅਗਲੇ ਹਫ਼ਤੇ ਨਸ਼ਰ ਕਰ ਦਿੱਤੀਆਂ ਜਾਣਗੀਆਂ। ਪਤਾ ਲੱਗਾ ਹੈ ਕਿ ਬੋਰਡ ਇਨ੍ਹਾਂ ਜਮਾਤਾਂ ਦੇ ਪ੍ਰੈਕਟੀਕਲ 15 ਫਰਵਰੀ ਤੋਂ ਕਰਵਾਉਣ ’ਤੇ ਵਿਚਾਰ ਕਰ ਰਿਹਾ ਸੀ ਪਰ ਪੰਜ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਤਾਰੀਖ ’ਤੇ ਮੋਹਰ ਨਹੀਂ ਲੱਗੀ। ਹੁਣ ਪ੍ਰੈਕਟੀਕਲ ਫਰਵਰੀ ਦੇ ਅਖੀਰ ਵਿੱਚ ਹੀ ਕਰਵਾਉਣ ’ਤੇ ਸਹਿਮਤੀ ਬਣੀ ਹੈ। ਇਸ ਦੇ ਨਾਲ ਹੀ ਬੋਰਡ ਪ੍ਰੀਖਿਆਵਾਂ ਮਾਰਚ-ਅਪਰੈਲ ਵਿੱਚ ਹੀ ਹੋਣਗੀਆਂ। ਮੁਹਾਲੀ ਦੇ ਖੇਤਰੀ ਦਫਤਰ ਦੇ ਅਧਿਕਾਰੀਆਂ ਅਨੁਸਾਰ ਬੋਰਡ ਵੱਲੋਂ ਟਰਮ-2 ਦੀਆਂ ਪ੍ਰੀਖਿਆਵਾਂ ਵਿੱਚ ਪਹਿਲਾਂ ਮੇਜਰ ਵਿਸ਼ਿਆਂ ਦੀ ਪ੍ਰੀਖਿਆ ਕਰਵਾਈ ਜਾਵੇਗੀ ਤੇ ਉਸ ਤੋਂ ਬਾਅਦ ਮਾਈਨਰ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਲਈਆਂ ਜਾਣਗੀਆਂ ਪਰ ਇਸ ਸਬੰਧੀ ਐਲਾਨ ਅਗਲੇ ਹਫਤੇ ਦੇ ਸ਼ੁਰੂ ਵਿਚ ਮੀਟਿੰਗ ਕਰ ਕੇ ਕੀਤਾ ਜਾਵੇਗਾ।
ਇਸ ਮੀਟਿੰਗ ਵਿਚ ਪ੍ਰੈਕਟੀਕਲ ਤੇ ਪ੍ਰੀਖਿਆਵਾਂ ਦੀਆਂ ਤਾਰੀਕਾਂ ’ਤੇ ਵੀ ਮੋਹਰ ਲੱਗੇਗੀ। ਟਰਮ-2 ਦੀਆਂ ਪ੍ਰੀਖਿਆਵਾਂ ਸਬਜੈਕਟਿਵ ਟਾਈਪ ਸਵਾਲਾਂ ਆਧਾਰਤ ਲਈਆਂ ਜਾਣਗੀਆਂ ਜਦਕਿ ਟਰਮ-1 ਦੀ ਪ੍ਰੀਖਿਆ ਬਹੁ-ਵਿਕਲਪੀ ਪ੍ਰਸ਼ਨਾਂ ਆਧਾਰਿਤ ਸੀ। ਟਰਮ-2 ਦੀ ਪ੍ਰੀਖਿਆ ਦਾ ਸਮਾਂ ਦੋ ਘੰਟੇ ਹੋਵੇਗਾ।
ਨਤੀਜਾ ਅਗਲੇ ਹਫ਼ਤੇ ਜਾਰੀ ਹੋਣ ਦੀ ਸੰਭਾਵਨਾ
ਬੋਰਡ ਦੇ ਅਧਿਕਾਰੀਆਂ ਅਨੁਸਾਰ ਦਸਵੀਂ ਤੇ ਬਾਰ੍ਹਵੀਂ ਜਮਾਤ ਦਾ ਨਤੀਜਾ ਤਿਆਰ ਹੈ ਤੇ ਇਹ ਕਿਸੇ ਵੇਲੇ ਵੀ ਜਾਰੀ ਹੋ ਸਕਦਾ ਹੈ ਪਰ ਬੋਰਡ ਕੋਲ ਵੱਡੀ ਗਿਣਤੀ ਸੁਝਾਅ ਆਏ ਹਨ ਕਿ ਟਰਮ-2 ਦੀਆਂ ਪ੍ਰੀਖਿਆਵਾਂ ਲੈਣ ਤੋਂ ਬਾਅਦ ਹੀ ਟਰਮ-1 ਦੇ ਨਤੀਜੇ ਐਲਾਨੇ ਜਾਣ। ਕੁਝ ਵਿਦਿਆਰਥੀਆਂ ਨੇ ਤਰਕ ਦਿੱਤਾ ਹੈ ਕਿ ਜੇ ਟਰਮ-1 ਦੇ ਨਤੀਜੇ ਆਸ ਅਨੁਸਾਰ ਨਹੀਂ ਆਏ ਤਾਂ ਇਸ ਨਾਲ ਉਨ੍ਹਾਂ ਨੂੰ ਟਰਮ-2 ਦੀਆਂ ਪ੍ਰੀਖਿਆਵਾਂ ’ਤੇ ਅਸਰ ਪਵੇਗਾ। ਇਸ ਕਾਰਨ ਹੀ ਨਤੀਜੇ ਦੇ ਐਲਾਨ ਵਿਚ ਦੇਰੀ ਹੋ ਰਹੀ ਹੈ ਪਰ ਇਨ੍ਹਾਂ ਜਮਾਤਾਂ ਦੇ ਨਤੀਜਿਆਂ ਬਾਰੇ ਜਲਦੀ ਫ਼ੈਸਲਾ ਲਿਆ ਜਾਵੇਗਾ। ਟਰਮ-2 ਪ੍ਰੀਖਿਆਵਾਂ ਰੱਦ ਹੋਣ ਦੀ ਸੰਭਾਵਨਾ ਨੂੰ ਖਾਰਜ ਕਰਦਿਆਂ ਅਧਿਕਾਰੀ ਨੇ ਦੱਸਿਆ ਕਿ ਇਹ ਪ੍ਰੀਖਿਆਵਾਂ ਆਫਲਾਈਨ ਹੀ ਕਰਵਾਈਆਂ ਜਾਣਗੀਆਂ ਕਿਉਂਕਿ ਕਰੋਨਾ ਦੇ ਕੇਸ ਲਗਾਤਾਰ ਘੱਟ ਰਹੇ ਹਨ ਤੇ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਲਈ ਟੀਕਾਕਰਨ ਸ਼ੁਰੂ ਹੋ ਗਿਆ ਹੈ।