ਨਵੀਂ ਦਿੱਲੀ, 30 ਜੁਲਾਈ
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਝੋਨੇ ਦੀ ਲੁਆਈ ’ਚ ਆਈ ਘਾਟ ਚਾਲੂ ਸਾਉਣੀ ਸੀਜ਼ਨ ਵਿੱਚ ਪੂਰੀ ਹੋਣ ਦੀ ਸੰਭਾਵਨਾ ਹੈ। ਖੇਤੀਬਾੜੀ ਮੰਤਰਾਲੇ ਕੋਲ ਮੌਜੂਦ ਤਾਜ਼ਾ ਅੰਕੜਿਆਂ ਮੁਤਾਬਕ 29 ਜੂਨ ਤੱਕ 231.59 ਲੱਖ ਹੈਕਟੇਅਰ ਖੇਤਰ ਵਿੱਚ ਝੋਨਾ ਲਾਇਆ ਜਾ ਸਕਿਆ ਹੈ ਜੋ ਪਿਛਲੇ ਵਰ੍ਹੇ ਦੇ ਮੁਕਾਬਲੇ 35.46 ਲੱਖ ਹੈਕਟੇਅਰ ਤੱਕ ਘੱਟ ਹੈ ਜਦਕਿ ਪਿਛਲੇ ਵਰ੍ਹੇ 267.05 ਲੱਖ ਹੈਕਟੇਅਰ ਖੇਤਰ ਵਿੱਚ ਝੋਨਾ ਲਾਇਆ ਗਿਆ ਸੀ। ਉਨ੍ਹਾਂ ਏਜੰਸੀ ਨੂੰ ਦੱਸਿਆ ਕਿ ਝੋਨੇ ਦੀ ਬਿਜਾਈ ਭਾਵੇਂ ਘੱਟ ਹੋਈ ਹੈ ਪਰ ਇਸ ਦੀ ਮੌਜੂਦਾ ਸੀਜ਼ਨ ’ਚ ਪੂਰੇ ਹੋ ਜਾਣ ਦੀ ਸੰਭਾਵਨਾ ਹੈ। ਅੰਕੜਿਆਂ ਮੁਤਾਬਕ ਇਸ ਵਾਰ ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਤੇ ਤੇਲੰਗਾਨਾ ਵਿੱਚ ਝੋਨੇ ਦੀ ਘੱਟ ਲੁਆਈ ਹੋਈ ਹੈ। -ਪੀਟੀਆਈ